ਜਲੰਧਰ: ਲੁਧਿਆਣਾ ਦੇ ਬਹੁਚਰਚਿਤ ਰਿੰਕਲ ਕਤਲ ਕੇਸ ਦੇ ਮੁੱਖ ਮੁਲਜ਼ਮ ਮਨਮੀਤ ਉਰਫ ਲੰਬੜ ਨੂੰ ਜਲੰਧਰ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰਿੰਕਲ ਦੇ ਕਤਲ ਦੀ ਸਾਜਿਸ਼ ਘੜਣ ਦੇ ਇਲਜ਼ਾਮ ਵਿੱਚ ਲੁਧਿਆਣਾ ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਤੇ ਉਸ ਦੇ ਮੁੰਡੇ ਸੰਨੀ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ। ਪੁਲਿਸ ਮੁਤਾਬਕ ਕੌਂਸਲਰ ਦੇ ਮੁੰਡੇ ਸੰਨੀ ਨੇ ਸਿਆਸੀ ਰੰਜਿਸ਼ ਤਹਿਤ ਰਿੰਕਲ ਦੀ ਸੁਪਾਰੀ ਮਨਮੀਤ ਨੂੰ ਦਿੱਤੀ ਸੀ। ਇਸ ਕੇਸ ਵਿੱਚ ਪੁਲਿਸ ਨੇ ਪਹਿਲਾਂ ਵੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਨਮੀਤ ਫਰਾਰ ਚੱਲ ਰਿਹਾ ਸੀ। ਪੁਲਿਸ ਮੁਤਾਬਕ ਮਨਮੀਤ ਉਰਫ ਲੰਬੜ ਨੇ ਸਾਥੀਆਂ ਨਾਲ ਮਿਲ ਕੇ ਰਿੰਕਲ ਦਾ ਕਤਲ ਕੀਤਾ ਸੀ। ਕਾਂਗਰਸੀ ਕੌਂਸਲਰ ਦਾ ਮੁੰਡਾ ਸਨੀ ਹੁਣ ਵੀ ਜੇਲ੍ਹ ਵਿੱਚ ਹੈ। ਰਿੰਕਲ ਕਤਲ ਕੇਸ ਵਿੱਚ ਕਾਂਗਰਸੀ ਕੌਂਸਲਰ ਗੁਰਦੀਪ ਨੀਟਾ 'ਤੇ ਵੀ 120-ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਮੀਤ ਉਰਫ ਲੰਬੜ ਜਲੰਧਰ ਦੇ ਦਕੋਹਾ ਇਲਾਕੇ ਦਾ ਰਹਿਣ ਵਾਲਾ ਹੈ। ਉਸ 'ਤੇ ਪੰਜ ਕੇਸ ਦਰਜ ਹਨ। ਇਸ ਦੇ ਨਾਲ ਇੱਕ ਹੋਰ ਮੁਲਜ਼ਮ ਜਤਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਾਰਦਾਤ ਕਰਨ ਦੀ ਤਾਕ ਵਿੱਚ ਸਨ। ਜਤਿਨ ਦਾ ਵੀ ਕ੍ਰਿਮੀਨਲ ਬੈਂਕਗ੍ਰਾਉਂਡ ਹੈ।