ਪਠਾਨਕੋਟ: ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਵਿੱਚ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਵਿਵਾਦ ਦੇ ਚੱਲਦਿਆਂ ਅੱਜ ਸ਼ਿਵ ਸੈਨਾ ਨੇ ਦੋਵਾਂ ਦੇ ਪੁਤਲੇ ਫੂਕ ਕੇ ਰੋਸ ਜਤਾਇਆ। ਸ਼ਿਵ ਸੈਨਾ ਨੇ ਪੁਤਲੇ ਫੂਕਣ ਤੋਂ ਪਹਿਲਾਂ ਉਨ੍ਹਾਂ ਨੂੰ ਪਠਾਨਕੋਟ ਦੇ ਬਾਜ਼ਾਰਾਂ ਵਿੱਚ ਗਧੇ 'ਤੇ ਬਿਠਾ ਕੇ ਜਲੂਸ ਵੀ ਕੱਢਿਆ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗ ਰਾਜ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਵਿੱਚ ਗੋਪਾਲ ਚਾਵਲਾ ਨਾਲ ਨਜ਼ਰ ਆਉਂਦੇ ਹਨ। ਹੁਣ ਆਪਣੇ ਸਾਥੀਆਂ ਵੱਲੋਂ ਕੀਤੇ ਸਵਾਲਾਂ ਤੋਂ ਉਹ ਭੱਜਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪੰਜਾਬ ਵਿੱਚ ਅੱਤਵਾਦ ਦਾ ਉਹ ਦੌਰ ਕਿਵੇਂ ਭੁੱਲ ਗਿਆ ਜਦੋਂ ਹਜ਼ਾਰਾਂ ਸਿੱਖਾਂ ਤੇ ਹਿੰਦੂਆਂ ਦਾ ਕਤਲੇਆਮ ਹੋਇਆ ਸੀ। ਯੋਗਰਾਜ ਨੇ ਕਿਹਾ ਕਿ ਸਿੱਧੂ ਉਹ ਸਭ ਭੁੱਲ ਕੇ ਉਨ੍ਹਾਂ ਲੋਕਾਂ ਦੇ ਗਲੇ ਮਿਲ ਰਹੇ ਹਨ ਜਿਨ੍ਹਾਂ ਅੱਤਵਾਦ ਫੈਲਾਇਆ ਸੀ। ਸ਼ਿਵ ਸੈਨਾ ਲੀਡਰ ਨੇ ਕਿਹਾ ਕਿ ਸਿੱਧੂ ਬੇਲਗਾਮ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਸੋਚ ਗਥੇ ਤੋਂ ਵੀ ਛੋਟੀ ਹੋ ਚੁੱਕੀ ਹੈ। ਇਸੇ ਲਈ ਉਹ ਗਧੇ 'ਤੇ ਪੁਤਲੇ ਬਿਠਾ ਕੇ ਫੂਕ ਰਹੇ ਹਨ।