ਰੂਪਨਗਰ: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਚਮਕੌਰ ਸਾਹਿਬ ਵਿੱਚ 515.15 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਂ ’ਤੇ ਦੋ ਸਵਾਗਤੀ ਗੇਟ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਦੇ ਨਾਲ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਪੰਚਾਇਤ ਚਮਕੌਰ ਸਾਹਿਬ ਨੂੰ ਨਗਰ ਕੌਂਸਲ ਬਣਾਉਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ 500 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਇੰਸਟੀਚਿਊਟ ਦਾ ਉਦਘਾਟਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਇੰਸਟੀਚਿਊਟ 42 ਏਕੜ ਰਕਬੇ ਹੇਠ ਬਣਾਇਆ ਜਾਏਗਾ ਜਿਸ ਦੀ ਕੀਮਤ 14,86,76,000 ਰੁਪਏ ਹੈ। ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ 27 ਫਰਵਰੀ ਨੂੰ ਨਗਰ ਪੰਚਾਇਤ ਚਮਕੌਰ ਸਾਹਿਬ ਨੂੰ ਇਸ ਰਕਮ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਤੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਤੇ ਗਲਿਆਰੇ ਦੇ ਵਿਕਾਸ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ’ਤੇ ਕੈਪਟਨ ਸਰਕਾਰ 11 ਕਰੋੜ ਰੁਪਏ ਖ਼ਰਚ ਕਰੇਗੀ। ਮੂਲ ਸਹੂਲਤਾਂ ਦੇ ਨਾਲ-ਨਾਲ ਇੱਥੇ ਪਾਰਕਿੰਗ ਦੀ ਵਿਵਸਥਾ ’ਤੇ ਵੀ 5 ਕਰੋੜ ਰੁਪਏ ਖ਼ਰਚੇ ਜਾਣਗੇ।
ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਹਿੱਸੇ ਤੇ ਬਾਜ਼ਾਰ ਵਿੱਚ ਵੀ 5 ਕਰੋੜ ਦੀ ਲਾਗਤ ਨਾਲ ਸੁੰਦਰ ਗਲਿਆਰਾ ਬਣਾਉਣ ਦੀ ਯੋਜਨਾ ਹੈ। ਗੁਰਦੁਆਰਾ ਸ੍ਰੀ ਗੜੀ ਸਾਹਿਬ ਦੇ ਖੇਤਰ ਦੇ ਸੁੰਦਰੀਕਰਨ ਤੇ ਪਾਰਕਿੰਗ ਵਿਵਸਥਾ ਲਈ 1 ਕਰੋੜ 20 ਲੱਖ ਰੁਪਏ ਕਰਚੇ ਜਾਣਗੇ।
ਇਸ ਦੇ ਨਾਲ ਹੀ ਮੋਰਿੰਡਾ ਤੋਂ ਬੇਲਾ ਤੇ ਸੰਦੂਆ ਸੜਕ ਨੂੰ ਜੋੜਨ ਵਾਲੇ ਚੌਕ ਦੇ ਸੁੰਦਰੀਕਰਨ ਲਈ ਵੀ 30 ਲੱਖ ਰੁਪਏ ਖ਼ਰਚੇ ਜਾ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਮਜ਼ਬੂਤੀ ਤੇ ਅਪਗ੍ਰੇਡੇਸ਼ਨ ਲਈ 3 ਕਰੋੜ 61 ਲੱਖ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।