ਚੰਡੀਗੜ੍ਹ: ਰੋਪੜ-ਚੰਡੀਗੜ੍ਹ ਮਾਰਗ ਸਥਿਤ ਭੱਠਾ ਸਾਹਿਬ ਚੌਕ ਕੋਲ ਸਥਿਤ ਬੱਜਰੀ ਨਾਲ ਭਰੇ ਟਿੱਪਰ ਤੇ ਕਾਰ ਵਿਚਾਲੇ ਜ਼ਬਰਦਸਤ ਹਾਦਸਾ ਹੋ ਗਿਆ। ਹਾਦਸੇ ਵਿੱਚ ਕਾਰ ’ਚ ਸਵਾਰ ਮਹਿਲਾ ਦੀ ਮੌਕੇ ’ਤੇ ਮੌਤ ਹੋ ਗਈ। ਕਾਰ ਚਾਲਕ ਦੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮੋੜ ਕੱਟਣ ਲੱਗਾ ਬੱਜਰੀ ਨਾਲ ਭਰਿਆ ਟਿੱਪਰ ਸੜਕ ’ਤੇ ਚੱਲਦੀ ਹੋਈ ਕਾਰ ਉੱਤੇ ਪਲਟ ਗਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਾਣਕਾਰੀ ਮੁਤਾਬਕ ਆਨੰਦਪੁਰ ਸਾਹਿਬ ਰਹਿਣ ਵਾਲਾ ਸਤਪਾਲ ਸਿੰਘ ਆਪਣੀ ਪਤਨੀ ਤੇ ਪੁੱਤਰ ਨਾਲ ਕਾਰ ਵਿੱਚ ਕਿਸੇ ਕੰਮ ਲਈ ਕੁਰਾਲੀ ਵੱਲ ਜੀ ਰਿਹਾ ਸੀ। ਅਚਾਨਕ ਭੱਠਾ ਸਾਹਿਬ ਚੌਕ ਨਜ਼ਦੀਕ ਬੱਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਉਨ੍ਹਾਂ ਦੀ ਕਾਰ ਉੱਤੇ ਪਲਟ ਗਿਆ। ਇਸ ਘਟਨਾ ਵਿੱਚ ਸਤਪਾਲ ਸਿੰਘ ਦੀ ਪਤਨੀ ਰਜਿੰਦਰ ਕੌਰ (50) ਦੀ ਮੌਕੇ ’ਤੇ ਮੌਤ ਹੋ ਗਈ। ਜ਼ਖ਼ਮੀ ਸਤਪਾਲ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਘਟਨਾ ਸਬੰਧੀ ਜ਼ਿਆਦਾ ਜਾਣਕਾਰੀ ਲਈ ਨੇੜੇ ਦੀ ਸੀਸੀਟੀਵੀ ਫੁਟੇਜ ਖੰਘਾਲੇ ਜਾ ਰਹੇ ਹਨ।