ਰੋਪੜ: ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇੱਕ ਪਾਸੇ ਹੜ੍ਹ ਪੀੜਤ ਲੋਕ ਰਾਸ਼ਨ ਤੇ ਕੱਪੜੇ ਨੂੰ ਤਰਸ ਰਹੇ ਹਨ ਤੇ ਦੂਜੇ ਪਾਸੇ ਇਨ੍ਹਾਂ ਦੀ ਸਾਰ ਲੈਣ ਵਾਲੇ ਸਰਕਾਰੀ ਅਫਸਰ ਬੈਠਕਾਂ ਵਿੱਚ ਰੁੱਝੇ ਹੋਏ ਹਨ। ਰੋਪੜ ਦੇ ਹੜ੍ਹ ਪੀੜਤ ਪਿੰਡ ਫੂਲ ਕਲਾਂ ਵਿੱਚ ਸਰਕਾਰ ਵੱਲੋਂ ਲੋਕਾਂ ਤੱਕ ਕੋਈ ਸੁਵਿਧਾ ਨਹੀਂ ਪਹੁੰਚਾਈ ਜਾ ਰਹੀ। ਹੜ੍ਹ ਤੋਂ ਪੀੜਤ ਲੋਕ ਅੰਨ ਤੇ ਸਾਫ ਕੱਪੜੇ ਪਾਉਣ ਲਈ ਤਰਸ ਰਹੇ ਹਨ। ਹਾਲਾਂਕਿ ਨੇੜਲੇ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚੋਂ ਰਾਸ਼ਨ ਪਾਣੀ ਤੇ ਕੱਪੜੇ ਪੀੜਤਾਂ ਤੱਕ ਪਹੁੰਚਾ ਰਹੇ ਹਨ।
ਜਿੱਥੇ ਸਰਕਾਰ ਹਾਲੇ ਆਪਣੀਆਂ ਬੈਠਕਾਂ ਤੇ ਨਿਰਦੇਸ਼ਾਂ ਵਿੱਚ ਉਲਝੀ ਹੋਈ ਹੈ, ਉੱਥੇ ਹੀ ਹੜ੍ਹਾਂ ਦੀ ਤਬਾਹੀ ਤੋਂ ਪੀੜਤ ਲੋਕ ਸੁਵਿਧਾਵਾਂ ਦੀ ਉਡੀਕ ਕਰ ਰਹੇ ਹਨ। ਪਿੰਡ ਫੂਲ ਕਲਾਂ ਵਿੱਚ ਲਗਪਗ ਛੇ ਫੁੱਟ ਤੋਂ ਉੱਪਰ ਪਾਣੀ ਚੜ੍ਹ ਚੁੱਕਿਆ ਸੀ। ਇਸ ਕਰਕੇ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਾਮਾਨ ਖਰਾਬ ਹੋ ਗਿਆ। ਨਾ ਹੀ ਖਾਣ ਨੂੰ ਰਾਸ਼ਨ ਬਚਿਆ ਤੇ ਨਾ ਹੀ ਪਾਉਣ ਨੂੰ ਕੱਪੜੇ। ਪਾਣੀ ਨੇ ਸਾਰਾ ਕੁਝ ਤਬਾਹ ਕਰ ਦਿੱਤਾ।
ਸੂਬੇ ਦੀ ਸਰਕਾਰ ਕੋਲ ਆਫ਼ਤ ਦਾ ਪੈਸਾ ਹੁੰਦਾ ਹੈ ਪਰ ਅਜੇ ਸਰਕਾਰੀ ਅਫ਼ਸਰ ਬੈਠਕਾਂ ਵਿੱਚ ਰੁੱਝੇ ਹੋਏ ਹਨ। ਇੱਕ-ਦੂਸਰੇ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਜਲਦ ਤੋਂ ਜਲਦ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਪਰ ਜ਼ਮੀਨੀ ਪੱਧਰ 'ਤੇ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਲੋਕਾਂ ਤੱਕ ਨਹੀਂ ਪਹੁੰਚਾਈ ਜਾ ਰਹੀ।