ਨਵਾਂ ਸ਼ਹਿਰ: ਪੁਲਿਸ ਨੇ ਦੋ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਇਲਜ਼ਾਮ ਵਿੱਚ ਤਿੰਨ ਮੁਲਜ਼ਮਾਂ ਨੂੰ ਦਬੋਚਿਆ ਹੈ। ਕਸਬਾ ਬਹਿਰਾਮ ਨੇੜਲੇ ਪਿੰਡ ਖੋਥੜਾ ਦੀ ਸੈਫਰਨ ਐਨਕਲੇਵ ਵਿੱਚ 11 ਨਵੰਬਰ ਨੂੰ ਸ਼ਾਮ ਵੇਲੇ ਦੋ ਸਾਲ ਦੀ ਰੋਸ਼ਨੀ ਨੂੰ ਅਗਵਾ ਕਰ ਲਿਆ ਸੀ। ਉਹ ਆਪਣੇ ਦਾਦੇ ਨਾਲ ਬਾਹਰ ਘੁੰਮ ਰਹੀ ਸੀ ਕਿ ਤਿੰਨ ਮੋਟਰਸਾਈਕਲ ਸਵਾਰ ਉਸ ਨੂੰ ਉਠਾ ਕੇ ਲੈ ਗਏ।

ਪੁਲਿਸ ਉਸ ਦਿਨ ਤੋਂ ਹੀ ਅਗਵਾਕਾਰਾਂ ਦੀ ਭਾਲ ਵਿੱਚ ਸੀ। ਅੱਜ ਪੁਲਿਸ ਨੇ ਮੁਲਜ਼ਮਾਂ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੁਸ਼ਿਆਰਪੁਰ ਦੇ ਪਿੰਡ ਨਡਾਲਾ ਤੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪਰਿਵਾਰ ਤੋਂ 50 ਲੱਖ ਰੁਪਏ ਮੰਗੇ ਸਨ।

ਰੋਸ਼ਨੀ ਦੇ ਚਾਚੇ ਦਾ 16 ਨਵੰਬਰ ਨੂੰ ਵਿਆਹ ਹੈ। ਉਸ ਦਾ ਪਿਤਾ 15 ਦਿਨ ਪਹਿਲਾਂ ਦੁਬਈ ਤੋਂ ਆਇਆ ਹੈ। 25 ਨਵੰਬਰ ਨੂੰ ਬੱਚੀ ਦਾ ਜਨਮ ਦਿਨ ਸੀ। ਇਸ ਬਾਰੇ ਮੁਲਜ਼ਮਾਂ ਨੂੰ ਪੂਰੀ ਜਾਣਕਾਰੀ ਸੀ। ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦੀ ਰਿਮਾਂਡ ਲੈ ਲਿਆ ਹੈ।