ਅੰਮ੍ਰਿਤਸਰ:''ਸ਼ਹੀਦੀਆਂ ਨਾਲ ਹੋਂਦ 'ਚ ਆਈ ਸੰਸਥਾ ਦੇ ਕਰਮਚਾਰੀ ਇਮਾਨਦਾਰੀ ਤੇ ਤਤਪਰਤਾ ਨਾਲ ਆਪਣੀ ਡਿਊਟੀ ਨਿਭਾਉਣ, ਲਾਪ੍ਰਵਾਹੀ ਤੇ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।'', ਇਹ ਹਦਾਇਤਾਂ ਨਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀਆਂ।
ਪ੍ਰੋ. ਬਡੂੰਗਰ ਨੇ ਸਮੂਹ ਸਟਾਫ ਨੂੰ ਗੁਰੂ ਘਰ ਦੀ ਸੇਵਾ ਬਿਹਤਰ ਤਰੀਕੇ ਤੇ ਸ਼ਰਧਾ ਨਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਮਿਲਣਾ ਵੱਡੇ ਭਾਗਾਂ ਵਾਲੀ ਗੱਲ ਹੈ। ਇਸ ਲਈ ਸਭ ਨੂੰ ਆਪਣਾ ਕੰਮ ਸਾਫ ਨੀਤੀ ਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ।
ਉਨ੍ਹਾਂ ਛੋਟੇ ਤੋਂ ਲੈ ਕੇ ਵੱਡੇ ਪੱਧਰ ਤੱਕ ਹਰ ਕਰਮਾਚਾਰੀ ਨੂੰ ਆਪਣੀ ਡਿਊਟੀ ਤਤਪਰਤਾ ਨਾਲ ਨਿਭਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਸਭ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਕਰਮਚਾਰੀ ਵੱਲੋਂ ਢਿੱਲਮੱਠ, ਲਾਪ੍ਰਵਾਹੀ ਤੇ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀ ਆਪਣੀ ਬੋਲੀ ਵੀ ਸਾਫ ਸੁਥਰੀ ਰੱਖਣ ਤੇ ਸੰਗਤ ਨਾਲ ਪਿਆਰ ਸਤਿਕਾਰ ਸਹਿਤ ਪੇਸ਼ ਆਉਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਦੇਸ਼ ਦਿੱਤਾ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੇ ਪੈਰੀਂ ਹੱਥ ਨਾ ਲਾਵੇ ਸਗੋਂ ਗੁਰੂ ਦੀ ਬਖਸ਼ੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਕਮੇਟੀ ਵਿੱਚ ਦਖਲ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਕੌਮ ਦੇ ਸਨਮੁੱਖ ਬਹੁਤ ਚੁਣੌਤੀਆਂ ਹਨ। ਇਨ੍ਹਾਂ ਦੇ ਟਾਕਰੇ ਲਈ ਸਭ ਦਾ ਸਹਿਯੋਗ ਲਿਆ ਜਾਵੇਗਾ।