ਮੁਹਾਲੀ: ਪੰਜਾਬ ਵਿੱਚ ਟਾਰਗੇਟ ਕਤਲਾਂ ਦੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (NIA) ਨੇ ਮੁਲਜ਼ਮਾਂ ਹਰਦੀਪ ਸਿੰਘ (ਸ਼ੇਰਾ), ਰਮਨਦੀਪ ਸਿੰਘ (ਕੈਨੇਡੀਅਨ) ਤੇ ਧਰਮਿੰਦਰ ਗੁਗਨੀ ਦਾ 6 ਦਸੰਬਰ ਤੱਕ ਦਾ ਰਿਮਾਂਡ ਲਿਆ ਹੈ। ਐਨ.ਆਈ.ਏ. ਨੇ ਅੱਜ ਆਰ.ਐਸ.ਐਸ. ਲੀਡਰ ਦੇ ਰਵਿੰਦਰ ਗੋਸਾਈਂ ਤੋਂ ਇਲਾਵਾ ਹੋਰ ਕਤਲ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਹਿੰਦੂ ਲੀਡਰ ਰਵਿੰਦਰ ਗੋਸਾਈਂ ਦਾ 17 ਅਕਤੂਬਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਹੋਈ ਟਾਰਗੇਟ ਕਿਲਿੰਗ ਦੇ ਤਾਰ ਬਾਹਰਲੇ ਦੇਸ਼ਾਂ ਨਾਲ ਜੁੜ ਰਹੇ ਹਨ। ਇਸ ਲਈ ਇਨ੍ਹਾਂ ਸਾਰਿਆਂ ਕੇਸਾਂ ਦੀ ਜਾਂਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ।