ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਏਬੀਪੀ ਸਾਂਝਾ | 01 Dec 2017 11:58 AM (IST)
FILE FHOTO
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਖਹਿਰਾ ਖਿਲਾਫ ਫਾਜ਼ਿਲਕਾ ਅਦਾਲਤ ਵੱਲੋਂ ਕਥਿਤ ਡਰੱਗ ਮਾਮਲੇ ਵਿੱਚ ਜਾਰੀ ਸੰਮਨ 'ਤੇ ਰੋਕ ਲਾ ਦਿੱਤੀ ਹੈ। ਖਹਿਰਾ ਹਾਈਕੋਰਟ ਤੋਂ ਵੀ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਪੁੱਜੇ ਸਨ। ਸਰਬਉੱਚ ਅਦਾਲਤ ਤੋਂ ਮਿਲੀ ਰਾਹਤ ਬਾਰੇ ਖਹਿਰਾ ਨੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਸ ਫੈਸਲੇ ਨਾਲ ਸਾਜ਼ਿਸ਼ ਕਰਨ ਵਾਲਿਆਂ ਨੂੰ ਜਵਾਬ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਰਾਹਤ ਮਗਰੋਂ ਰੱਬ ਦਾ ਸ਼ੁਕਰਾਨਾ ਕਰਨ ਧਾਰਮਿਕ ਸਾਥਨ ਜਾਣਗੇ। ਕਾਬਲੇਗੌਰ ਹੈ ਕਿ ਖਹਿਰਾ ਫਾਜ਼ਿਲਕਾ ਅਦਾਲਤ ਵੱਲੋਂ ਕਥਿਤ ਡਰੱਗ ਮਾਮਲੇ ਵਿੱਚ ਜਾਰੀ ਸੰਮਨ ਖ਼ਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜੇ ਸਨ। ਉਨ੍ਹਾਂ ਨੂੰ ਹਾਈਕੋਰਟ ਨੇ ਰਾਹਤ ਨਹੀਂ ਦਿੱਤੀ ਸੀ। ਇਸ ਮਗਰੋਂ ਉਹ ਸੁਪਰੀਪ ਕੋਰਟ ਗਏ ਸਨ। ਸੁਪਰੀਮ ਕੋਰਟ ‘ਚ ਖਹਿਰਾ ਦੇ ਮਸਲੇ ‘ਤੇ ਅੱਜ ਸੁਣਵਾਈ ਸੀ ਜਿਸ 'ਤੇ ਸਭ ਦੀਆਂ ਨਜ਼ਰਾਂ ਸਨ। ਖਹਿਰਾ ਨੇ ਵੀਰਵਾਰ ਨੂੰ ਫ਼ਾਜ਼ਿਲਕਾ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੇ ਸਨ। ਇਸ ਲਈ ਅਦਾਲਤ ਨੇ ਮੁੜ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਹੁਣ ਸੁਪਰੀਮ ਕੋਰਟ ਨੇ ਇਨ੍ਹਾਂ ਸੰਮਨਾਂ 'ਤੇ ਰੋਕ ਲਾ ਦਿੱਤੀ।