ਧਾਰਮਿਕ ਆਗੂਆਂ ਦੀ ਹੱਤਿਆ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ ਤੋਂ ਕਰਾਏਗੀ ਸਰਕਾਰ
ਏਬੀਪੀ ਸਾਂਝਾ | 01 Dec 2017 11:03 AM (IST)
ਚੰਡੀਗੜ੍ਹ : ਪੰਜਾਬ 'ਚ ਪਿਛਲੇ ਦੋ ਸਾਲਾਂ 'ਚ ਧਾਰਮਿਕ ਸ਼ਖਸੀਅਤਾਂ ਦੀਆਂ ਹੱਤਿਆਵਾਂ ਦੀ ਜਾਂਚ ਹੁਣ ਪੰਜਾਬ ਸਰਕਾਰ ਨੇ ਰਾਸ਼ਟਰੀ ਜਾਂਚ ਏਜੰਸੀ ਤੋਂ ਕਰਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਹੱਤਿਆਵਾਂ ਦੇ ਤਾਰ ਕੌਮਾਂਤਰੀ ਪੱਧਰ 'ਤੇ ਜੁੜੇ ਦੇ ਖਦਸ਼ੇ ਕਾਰਨ ਸਰਕਾਰ ਐੱਨਆਈਏ ਤੋਂ ਮਾਮਲਿਆਂ ਦੀ ਜਾਂਚ ਕਰਾਉਣਾ ਚਾਹੁੰਦੀ ਹੈ। ਐੱਨਆਈਏ ਐਕਟ 2008 ਦੇ ਸੈਕਸ਼ਨ 6 ਦੇ ਅਧੀਨ ਕੇਸ ਐੱਨਆਈਏ ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ। ਡਾ. ਵਾਈਸੀ ਮੋਦੀ ਦੀ ਅਗਵਾਈ ਵਾਲੀ ਐੱਨਆਈਏ ਟੀਮ ਵੱਲੋਂ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੇ ਸਲਾਹ-ਮਸ਼ਵਰੇ ਤੋਂ ਬਾਅਦ ਕੇਸ ਤਬਦੀਲ ਕਰਨ ਦਾ ਇਹ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹੱਤਿਆਵਾਂ ਦੇ ਸਾਜ਼ਿਸ਼ਘਾੜੇ ਤੇ ਪੈਸਾ-ਧੇਲਾ ਮੁਹੱਈਆ ਕਰਵਾਉਣ ਵਾਲੇ ਯੂਕੇ, ਕੈਨੇਡਾ, ਇਟਲੀ ਆਦਿ ਦੇਸ਼ਾਂ ਤੋਂ ਕੰਮ ਕਰ ਰਹੇ ਸਨ, ਜਿਸ ਨਾਲ ਇਸ ਜਾਂਚ ਦਾ ਦਾਇਰਾ ਵਧਾਉਣਾ ਜ਼ਰੂਰੀ ਹੈ।ਇਸ ਫ਼ੈਸਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਅੱਗੇ ਇਨ੍ਹਾਂ ਮਾਮਲਿਆਂ ਦੀ ਆਗਾਮੀ ਜਾਂਚ ਲਈ ਮਾਮਲੇ ਦੀ ਸਾਰੀ ਸਮੱਗਰੀ ਐੱਨਆਈਏ ਦੇ ਹਵਾਲੇ ਕਰੇ। ਇਨ੍ਹਾਂ ਮਾਮਲਿਆਂ 'ਚ ਪੁਲਿਸ ਨੇ ਹਾਲ ਹੀ 'ਚ ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਕੁਝ ਹੋਰਨਾਂ ਨੂੰ ਕਾਬੂ ਕੀਤਾ ਹੈ। ਜਨਵਰੀ 2016 ਤੋਂ ਅਕਤੂਬਰ 2017 ਵਿਚਾਲੇ ਆਰਐੱਸਐੱਸ, ਸ਼ਿਵਸੈਨਾ, ਡੀਐੱਸਐੱਸ ਲੀਡਰਾਂ ਨੂੰ ਨਿਸ਼ਾਨਾ ਮਿੱਥ ਕੇ ਹੱਤਿਆ ਕਰਨ ਸਬੰਧੀ ਮਾਮਲਿਆਂ ਨੂੰ ਹੱਲ ਕਰਨ ਲਈ ਅਜਿਹਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਵਿਦੇਸ਼ ਮੰਤਰਾਲਾ ਇੰਟਰਪੋਲ ਤੇ ਵਿਦੇਸ਼ੀ ਸਰਕਾਰਾਂ ਦੇ ਸਹਿਯੋਗ ਨਾਲ ਪਰਦੇਸਾਂ 'ਚ ਬੈਠੇ ਸੰਗਠਨਾਂ ਅਤੇ ਲੋਕਾਂ ਵਿਰੁੱਧ ਕਾਰਵਾਈ ਕਰਨਾ ਹੈ ਜੋ ਕਿ ਬੇਗ਼ਾਨੀ ਧਰਤੀ 'ਤੇ ਬੈਠ ਕੇ ਪੰਜਾਬ ਵਿਰੁੱਧ ਸਾਜ਼ਿਸ਼ਾਂ ਘੜ ਰਹੇ ਹਨ।