ਸੁਰਾਂ ਦਾ ਬਾਦਸ਼ਾਹ ਸਾਬਰ ਕੋਟੀ ਸਪੁਰਦ-ਏ-ਖ਼ਾਕ
ਏਬੀਪੀ ਸਾਂਝਾ | 26 Jan 2018 05:54 PM (IST)
ਕਪੂਰਥਲਾ: 'ਤਾਰਾ ਅੰਬਰਾਂ 'ਤੇ ਕੋਈ-ਕੋਈ ਏ' ਗੀਤ ਨੂੰ ਗਾਉਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਵੀ ਹੁਣ ਅੰਬਰ ਦਾ ਇੱਕ ਤਾਰਾ ਬਣ ਚੁੱਕੇ ਹਨ। ਬੁਲੰਦ ਆਵਾਜ਼ ਦੇ ਮਾਲਕ ਅਤੇ ਉਦਾਸ ਗਾਣਿਆਂ ਲਈ ਜਾਣੇ ਜਾਂਦੇ ਸਾਬਰ ਕੋਟੀ ਨੇ ਬੀਤੇ ਕੱਲ੍ਹ ਜਲੰਧਰ ਦੇ ਮੈਟਰੋ ਹਸਪਤਾਲ 'ਚ ਆਖਰੀ ਸਾਹ ਲਏ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਦਫਨਾਇਆ ਗਿਆ। ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਦੇ ਰਹਿਣ ਵਾਲੇ ਸਾਬਰ ਕੋਟੀ ਨੇ ਪੰਜਾਬੀ ਗਾਇਕੀ 'ਚ ਪੂਰੀ ਦੁਨੀਆ 'ਚ ਨਾਂ ਕਮਾਇਆ। ਇਸ ਦੁਨੀਆਂ 'ਚੋਂ ਰੁਖ਼ਸਤ ਹੁੰਦਿਆਂ ਸਾਬਰ ਕੋਈ ਆਪਣੇ ਚਾਹੁਣ ਵਾਲਿਆਂ ਨੂੰ ਹੰਝੂਆਂ ਵਿੱਚ ਛੱਡ ਕੇ ਚਲੇ ਗਏ ਹਨ। ਪਿੰਡ ਉਦਾਸ ਹੈ ਤੇ ਚਾਹੁਣ ਵਾਲੇ ਵੀ। ਉਨ੍ਹਾਂ ਦੀ ਅੰਤਮ ਰਸਮ ਮੌਕੇ ਪਹੁੰਚੇ ਗਾਇਕ ਸਲੀਮ ਨੇ ਕਿਹਾ,"ਸ਼ੌਕ 'ਚ ਹਾਂ ਅਸੀਂ। ਜਦੋਂ ਸੁਰ ਦੀ ਗੱਲ ਆਉਂਦੀ ਹੈ, ਸੰਗੀਤ ਦੀ ਗੱਲ ਆਉਂਦੀ ਹੈ ਤਾਂ ਸਾਬਰ ਕੋਟੀ ਜੀ ਦਾ ਨਾਂਅ ਦੁਨੀਆ ਜਾਣਦੀ ਹੈ। ਬਿਮਾਰ ਸੀ ਕਾਫੀ ਸਮੇਂ ਤੋਂ ਮੈਂ ਤਾਂ ਉਨ੍ਹਾਂ ਦੇ ਹੱਥਾਂ 'ਚ ਪਲਿਆ ਹਾਂ। ਕੁਦਰਤ ਨੇ ਐਸੀ ਖੇਡ ਰਚਾਈ ਹੈ ਕਿ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਾਬਰ ਕੋਟੀ ਦੀ ਕੋਈ ਆਪਸ਼ਨ ਨਹੀਂ ਹੈ। ਉਸ ਵਰਗਾ ਨਾ ਕੋਈ ਸੀ, ਨਾ ਕੋਈ ਹੈ, ਨਾ ਕੋਈ ਹੋਵੇਗਾ।" ਸਾਬਰ ਕੋਈ ਨੂੰ ਆਖਰੀ ਵਿਦਾਈ ਦੇਣ ਲਈ ਸੰਗੀਤ ਜਗਤ ਦੀਆਂ ਕਈ ਹਸਤੀਆਂ ਮੌਜੂਦ ਸਨ। ਇਨ੍ਹਾਂ ਵਿੱਚੋਂ ਇੱਕ ਸਨ ਉਨ੍ਹਾਂ ਦੇ ਉਸਤਾਦ ਪੂਰਨ ਸ਼ਾਹਕੋਟੀ। ਆਪਣੇ ਸ਼ਾਗਿਰਦ ਦੇ ਜਾਣ 'ਤੇ ਪੂਰਨ ਸ਼ਾਹ ਕੋਟੀ ਸਿਰਫ ਇੰਨਾ ਹੀ ਕਹਿ ਸਕੇ ਕੀ ਮੈਂ ਕੀ ਕਹਾਂ। ਸਾਬਰ ਕੋਟੀ ਨੂੰ ਆਖਰੀ ਵਿਦਾਈ ਦੇਣ ਗਾਇਕ ਬੂਟਾ ਮੁਹੰਮਦ, ਲੇਖਕ ਕਾਲਾ ਨਿਜ਼ਾਮਪੁਰੀ ਸਮੇਤ ਪੰਜਾਬੀ ਇੰਡਸਟਰੀ ਦੀ ਕਈ ਵੱਡੀਆਂ ਹਸਤੀਆਂ ਮੌਜੂਦ ਸਨ। ਸਾਬਰ ਕੋਟੀ ਨੇ ਜਿਹੜੇ ਗੀਤ ਗਾਏ ਉਨ੍ਹਾਂ 'ਚੋਂ ਜ਼ਿਆਦਾਤਰ ਕਾਲਾ ਨਿਜ਼ਾਮਪੁਰੀ ਨੇ ਹੀ ਲਿਖੇ ਸਨ। ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਇਹ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਢਾ ਘਾਟਾ ਹੈ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਹੀ ਮਿਊਜ਼ਿਕ 'ਚ ਗੁਜ਼ਾਰ ਦਿੱਤੀ।