ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੀ 3 ਮਈ ਨੂੰ ਸ਼੍ਰੋਮਣੀ ਕਮੇਟੀ ਨੂੰ ਵੱਖ-ਵੱਖ ਗੁਰਦੁਆਰਿਆਂ 'ਚ ਹਾਰਮੋਨੀਅਮ ਦੀ ਬਜਾਏ ਪੁਰਾਣੇ ਤੇ ਰਵਾਇਤੀ ਤੰਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਕਰਨ ਦੀ ਕੀਤੀ ਅਪੀਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਤਿੰਨ ਸਾਲ ਦੇ ਸਮੇਂ 'ਚ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ।

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ 'ਚ ਪੁਰਾਣੀ ਰਵਾਇਤ ਨੂੰ ਮੁੜ ਸੁਰਜੀਤ ਕਰਕੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਇਹ ਚਰਚਾ ਸੀ ਕਿ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜਾਂ ਨਾਲ ਕੀਰਤਨ ਕਰਨ ਵਾਲੇ ਜੱਥਿਆਂ ਦੀ ਘਾਟ ਹੈ।

ਅੱਜ ਐਸਜੀਪੀਸੀ ਨੇ ਇਸ 'ਤੇ ਸਪੱਸ਼ਟ ਕਰਦਿਆਂ ਦੱਸਿਆ ਕਿ ਐਸਜੀਪੀਸੀ ਕੋਲ ਅਜਿਹੇ ਕੁਝ ਜਥੇ ਮੌਜੂਦ ਹਨ, ਜੋ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਹਨ ਤੇ ਐਸਜੀਪੀਸੀ ਅਧੀਨ ਚੱਲਦੇ ਵਿਦਿਆਲੇ ਤੇ ਮਿਸ਼ਨਰੀ ਕਾਲਜਾਂ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ/ਸਿਖਾਉਣ ਦੀ ਪ੍ਰਕਿਰਿਆਂ ਸ਼ੁਰੂ ਹੈ।

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਕਾਇਦਾ ਹੁਕਮ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਨੂੰ ਹੁਕਮ ਕੀਤੇ ਹਨ, ਜੇ ਕਿਤੇ ਸਿੱਖਿਆਰਥੀ ਦੀ ਘਾਟ ਹੈ ਤਾਂ ਉਸ ਨੂੰ ਪੂਰਾ ਕੀਤਾ ਜਾਵੇ।

 

ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੁਝ ਜਥੇ ਪਹਿਲਾਂ ਹੀ ਮੌਜੂਦ ਹਨ ਅਤੇ ਭਵਿੱਖ ਵਿਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੰਤੀ ਸਾਜ਼ ਵਾਦਕ ਰਾਗੀ ਜਥਿਆਂ ਨਾਲ ਸੇਵਾ ਨਿਭਾਉਂਦੇ ਆ ਰਹੇ ਹਨ ਪਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਸੰਜੀਦਗੀ ਨਾਲ ਲੈਂਦਿਆਂ ਭਵਿੱਖ ਵਿਚ ਤੰਤੀ ਸਾਜ਼ਾਂ ਨੂੰ ਕੀਰਤਨ ਸਮੇਂ ਤਰਜੀਹੀ ਤੌਰ ’ਤੇ ਲਾਗੂ ਕਰਨ ਲਈ ਕਿਹਾ ਹੈ।