ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸਿਟ ਨੇ ਸ਼ੁੱਕਰਵਾਰ ਨੂੰ ਕੋਟਕਪੁਰਾ ਗੋਲੀਕਾਂਡ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਕਰਨ ਵਾਲੇ ਚਾਰ ਡਾਕਟਰਾਂ ਤੋਂ ਪੁੱਛਗਿੱਛ ਕੀਤੀ।


ਇਸ ਮਾਮਲੇ ਵਿੱਚ ਸਿਟ ਨੇ ਜ਼ਖ਼ਮੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਵਿੱਚ ਸ਼ਾਮਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਐਮ ਐਸ ਡਾ. ਰਾਜੀਵ ਜੋਸ਼ੀ, ਹੱਡੀ ਰੋਗ ਵਿਭਾਗ ਦੇ ਡਾ. ਕਪਿਲ ਬਾਂਸਲ, ਕੋਟਕਪੁਰਾ ਦੇ ਸਿਵਲ ਹਸਪਤਾਲ ਦੇ ਡਾ. ਹਰਿੰਦਰ ਗਾਂਧੀ ਦੇ ਇਲਾਵਾ ਕੋਟਕਪੁਰਾ ਦੇ ਨਿੱਜੀ ਹਸਪਤਾਲ ਦੇ ਡਾ. ਮਨਵੀਰ ਗੁਪਤਾ ਨੂੰ ਵੀ ਤਲਬ ਕੀਤਾ ਹੋਇਆ ਸੀ।

ਇਸ ਤੋਂ ਪਿਹਲਾਂ ਸਿਟ ਨੇ ਅਕਾਲੀ ਲੀਡਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਤੋਂ ਇਲਾਵਾ ਫਿਲਮ ਆਦਾਕਾਰ ਅਕਸ਼ੈ ਕੁਮਾਰ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਬੀਤੇ ਦਿਨ ਸਿਟ ਨੇ ਬੇਅਦਬੀ ਕਾਂਡ ਦੇ ਕੁਝ ਮੁਲਜ਼ਮਾਂ ਖਿਲਾਫ ਚਲਾਨ ਵੀ ਦਾਇਰ ਕੀਤੇ ਹਨ।