ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਨੇ ਪੰਜਾਬ ਤੋਂ ਰੈਲੀਆਂ ਦੀ ਸ਼ੁਰੂਆਤ ਕੀਤੀ। ਕਿਹਾ ਜਾ ਰਿਹਾ ਹੈ ਕਿ ਉਹ ਪੂਰੇ ਦੇਸ਼ ਵਿੱਚ 100 ਰੈਲੀਆਂ ਕਰਨਗੇ। ਇਸੇ ਤਰ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਲੋਕ ਸਭਾ ਚੋਣਾਂ ਲਈ ਪੰਜਾਬ ਤੋਂ ਹੀ ਰੈਲੀਆਂ ਦੀ ਸ਼ੁਰੂਆਤ ਕਰ ਰਹੇ ਹਨ। 20 ਜਨਵਰੀ ਨੂੰ ਉਹ ਬਰਨਾਲਾ ਸ਼ਹਿਰ ਵਿੱਚ ਰੈਲੀ ਕਰ ਰਹੇ ਹਨ। ਹੁਣ ਖ਼ਬਰਾਂ ਹਨ ਕਿ ਉਨ੍ਹਾਂ ਦੇ ਮਗਰ ਹੀ ਰਾਹੁਲ ਗਾਂਧੀ ਵੀ ਪਹਿਲੀ ਰੈਲੀ ਪੰਜਾਬ ਵਿੱਚ ਹੀ ਕਰਨਗੇ। ਇੰਝ ਜਾਪਦਾ ਹੈ ਕਿ ਸਾਰੀਆਂ ਪਾਰਟੀਆਂ ਪੰਜਾਬ ਤੋਂ ਹੀ ਰੈਲੀਆਂ ਦਾ ਆਗਾਜ਼ ਕਰਨ ਨੂੰ ਸ਼ੁਭ ਮੰਨ ਰਹੀਆਂ ਹਨ।
20 ਜਨਵਰੀ ਨੂੰ ਬਰਨਾਲਾ ਵਿੱਚ ਰੈਲੀ ਕਰਨ ਤੋਂ ਬਾਅਦ ਕੇਜਰੀਵਾਲ ਦੇਸ਼ ਭਰ ਵਿੱਚ ਚੋਣ ਰੈਲੀਆਂ ਦੀ ਸ਼ੁਰੂਆਤ ਕਰਨਗੇ। ਪੰਜਾਬ ਵਿੱਚ ਉਨ੍ਹਾਂ ਦੀਆਂ ਦੋ ਰੈਲੀਆਂ ਹੋਣਗੀਆਂ ਪਰ ਹਾਲੇ ਤਕ ਇੱਕ ਰੈਲੀ ਦੀ ਤਾਰੀਖ਼ ਤੇ ਸਮਾਂ ਹੀ ਤੈਅ ਹੋਇਆ ਹੈ। ਇੰਨਾ ਸਾਫ ਹੈ ਕਿ ਦੂਜੀ ਰੈਲੀ ਦੁਆਬਾ ਵਿੱਚ ਆਦਮਪੁਰ ਤੇ ਇੱਕ ਰੈਲੀ ਮਾਝੇ ਦੇ ਅੰਮ੍ਰਿਤਸਰ ਵਿੱਚ ਹੋਏਗੀ। ਇਸ ਦੇ ਬਾਅਦ ਫਰਵਰੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵੀ ਪੰਜਾਬ ਵਿੱਚ ਆਉਣ ਦੀ ਚਰਚਾ ਚੱਲ ਰਹੀ ਹੈ।
ਪਿਛਲੀਆਂ ਚੋਣਾਂ ਦੀ ਗੱਲ ਕੀਤੀ ਜਾਏ ਤਾਂ 2014 ਦੀਆਂ ਚੋਣਾਂ ਦੌਰਾਨ ‘ਆਪ’ ਨੇ ਪਹਿਲੀ ਵਾਰ ਹਿੱਸਾ ਲਿਆ ਸੀ। ਕੇਜਰੀਵਾਲ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰੈਲੀਆਂ ਕੀਤੀਆਂ ਪਰ ਜ਼ਿਆਦਾਤਰ ਧਿਆਨ ਪੰਜਾਬ ਵੱਲ ਹੀ ਸੀ। ਉਨ੍ਹਾਂ ਦੀ ਪਹਿਲੀ ਚੋਣ ਰੈਲੀ ਵੀ ਪੰਜਾਬ ਤੋਂ ਹੀ ਹੋਈ ਸੀ। ਇਸੇ ਕਾਰਨ ਉਹ ਪੰਜਾਬ ਵਿੱਚ ਤਿੰਨ ਸਾਂਸਦ ਬਣਾਉਣ ਵਿੱਚ ਕਾਮਯਾਬ ਰਹੇ। ਬਾਕੀ ਸੂਬਿਆਂ ਵਿੱਚ ‘ਆਪ’ ਨੂੰ ਹਾਰ ਮਿਲੀ। ਹੁਣ 2017 ਵਿੱਚ ਵੀ ਪਾਰਟੀ ਦਾ ਇਹੀ ਏਜੰਡਾ ਰਿਹਾ। ਪੰਜਾਬ ਵਿੱਚ ‘ਆਪ’ ਦੀ ਮਜ਼ਬੂਤ ਪਕੜ ਵੇਖਦਿਆਂ ਬੀਜੇਪੀ ਨੇ ਵੀ ਪਹਿਲੀ ਰੈਲੀ ਲਈ ਪੰਜਾਬ ਨੂੰ ਹੀ ਚੁਣਿਆ। ਇੰਨਾ ਹੀ ਨਹੀਂ, ਰੈਲੀ ਵਿੱਚ ਉਨ੍ਹਾਂ ਨੇ ‘ਆਪ’ ਵਾਂਗ ਕਿਸਾਨਾਂ ’ਤੇ ਹੀ ਆਪਣਾ ਧਿਆਨ ਕੇਂਦਰਿਤ ਕੀਤਾ।
ਉਨ੍ਹਾਂ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਵੀ ਪੰਜਾਬ ਵਿੱਚ ਵੀ ਰੈਲੀ ਕਰ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਸਕਦੇ ਹਨ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਇਹ ਕਿ ਪੰਜਾਬ ਵਿੱਚ ਕਾਂਗਰਸ ਦੀ ਆਪਣੀ ਸਰਕਾਰ ਹੈ ਤੇ ਕਾਂਗਰਸ ਨੇ ਹੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਹਿਲਕਦਮੀ ਕੀਤੀ। ਦੂਜਾ ਕਾਰਨ ਕਿਸਾਨਾਂ ਦੀ ਕਰਜ਼ਾ ਮੁਆਫੀ ਹੈ। ਪੰਜਾਬ ਵਿੱਚ 3400 ਕਰੋੜ ਦੇ ਕਰਜ਼ੇ ਮੁਆਫ਼ ਹੋਏ ਹਨ ਤੇ ਹੁਣ ਕਾਂਗਰਸ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਕਰਜ਼ੇ ਮੁਆਫ਼ ਕਰੇਗੀ। ਅਜਿਹੇ ਵਿੱਚ ਰਾਹੁਲ ਇੱਥੋਂ ਰੈਲੀਆਂ ਦੀ ਸ਼ੁਰੂਆਤ ਕਰਕੇ ਪੂਰੇ ਦੇਸ਼ ਵਿੱਚ ਰੈਲੀਆਂ ਲਈ ਇਹ ਮੁੱਦਾ ਚੁੱਕ ਸਕਦੀ ਹੈ।