ਜਲੰਧਰ: ਹਿੰਸਕ ਭੀੜਾਂ ਨੂੰ ਕਾਬੂ ਕਰਨ ਤੇ ਨਿਰਦੋਸ਼ਾਂ ਨੂੰ ਮੌਤ ਤੋਂ ਬਚਾਉਣ ਅਤੇ ਸ਼ਰਾਰਤੀ ਤੱਤਾਂ ਨੂੰ ਕਾਬੂ ਕਰਨ ਲਈ ਮਾਰੂ ਆਟੋਮੈਟਿਕ ਬੰਦੂਕ ਏਕੇ-47 ਵਿੱਚ ਵਿਗਿਆਨੀਆਂ ਨੇ ਵਿਸ਼ੇਸ਼ ਤਬਦੀਲੀ ਕੀਤੀ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੰਡੀਅਨ ਸਾਇੰਸ ਕਾਂਗਰਸ ਚੱਲ ਰਹੀ ਹੈ। ਵਿਗਿਆਨੀਆਂ ਦੇ ਨਾਲ-ਨਾਲ ਇਸ ਵਿੱਚ ਲੋਕਾਂ ਨੂੰ ਸਾਇੰਸ ਬਾਰੇ ਅਪਡੇਟ ਕਰਨ ਲਈ ਬਹੁਤ ਸਾਰੇ ਜਾਗਰੁਕਤਾ ਭਰਪੂਰ ਸਟਾਲ ਵੀ ਲਗਾਏ ਗਏ ਹਨ। ਇਸ ਦੌਰਾਨ ਏਕੇ-47 ਦੀ ਅਜਿਹੀ ਗੋਲੀ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਹੜੀ ਕਿ ਬਾਰੂਦ ਦੀ ਬਜਾਇ ਪਲਾਸਟਿਕ ਦੀ ਬਣੀ ਹੈ। ਇਸ ਨੂੰ ਮਾਹੌਲ ਖਰਾਬ ਕਰਨ ਵਾਲੇ ਲੋਕਾਂ 'ਤੇ ਇਸਤੇਮਾਲ ਕੀਤਾ ਜਾਵੇਗਾ ਅਤੇ ਇਹ ਪੈਲਟ ਗਨ ਤੋਂ ਕਾਫੀ ਘੱਟ ਨੁਕਸਾਨ ਕਰਦੀ ਹੈ।




ਸੁਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ ਪਰ ਇਹ ਹਕੀਕਤ ਹੈ। ਇਸ ਪਲਾਸਟਿਕ ਦੀ ਗੋਲੀ ਨੂੰ ਡਿਫੇਂਸ ਰਿਸਰਚ ਐਂਡ ਡੈਵਲਪਮੈਂਟ ਆਰਗੇਨਾਈਜ਼ੇਸ਼ਨ ਦੀ ਚੰਡੀਗੜ੍ਹ ਇਕਾਈ ਨੇ ਤਿਆਰ ਕੀਤਾ ਹੈ। ਇਸ ਨੂੰ ਹਿੰਸਾ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ 'ਤੇ ਇਸਤੇਮਾਲ ਕੀਤਾ ਜਾਵੇਗਾ। ਵੱਧ ਤੋਂ ਵੱਧ 50 ਮੀਟਰ ਦੂਰੀ ਤਕ ਮਾਰ ਕਰਨ ਵਾਲੀ ਇਹ ਗੋਲੀ ਏਕੇ-47 ਰਾਇਫਲ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ। ਡਾ. ਪ੍ਰਿੰਸ ਸ਼ਰਮਾ ਨੇ ਦੱਸਿਆ ਕਿ ਸੀਆਰਪੀਐਫ ਨੇ ਇਸ ਦਾ ਟ੍ਰਾਇਲ ਮੁਕੰਮਲ ਕਰ ਲਿਆ ਹੈ ਤੇ ਹੁਣ ਇਨ੍ਹਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਜੰਮੂ-ਕਸ਼ਮੀਰ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਉੱਥੇ ਪੈਲੇਟ ਗੰਨ ਵਰਤੀ ਜਾਂਦੀ ਸੀ, ਜਿਸ ਨਤੀਜੇ ਕਾਫੀ ਖ਼ਤਰਨਾਕ ਸਨ।



ਡਾ. ਪ੍ਰਿੰਸ ਨੇ ਦੱਸਿਆ ਕਿ ਪਲਾਸਟਿਕ ਦੀ ਇਸ ਗੋਲੀ ਦੀ ਖਾਸੀਅਤ ਇਹ ਹੈ ਕਿ ਇਹ ਪੈਲੇਟ ਗਨ ਤੋਂ ਘੱਟ ਨੁਕਸਾਨ ਕਰੇਗੀ। ਪੈਲੇਟ ਵਿੱਚੋਂ ਇੱਕ ਫਾਇਰ ਕਰਨ 'ਤੇ 50 ਛੱਰੇ ਨਿਕਲਦੇ ਹਨ ਅਤੇ ਉਨ੍ਹਾਂ ਦੀ ਦਿਸ਼ਾ ਵੀ ਵੱਖੋ-ਵੱਖਰੀ ਹੁੰਦੀ ਹੈ। ਇਸ ਗੋਲੀ ਨਾਲ ਫਾਇਦਾ ਇਹ ਹੋਵੇਗਾ ਕਿ ਇੱਕ ਤਾਂ ਵੱਖਰੀ ਰਾਇਫਲ ਚੁੱਕਣ ਦੀ ਲੋੜ ਨਹੀਂ ਪਵੇਗੀ ਅਤੇ ਦੂਜਾ ਇਸ ਗੋਲੀ ਨੂੰ ਸਿੱਧਾ ਏਕੇ-47 ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਗੋਲੀ ਦੀ ਸੱਟ ਵੱਜਣ ਤੋਂ ਬਾਅਦ ਜ਼ਖਮ ਹੋ ਜਾਵੇਗਾ ਜਿਸ ਨੂੰ ਭਰਨ ਵਿੱਚ ਸਮਾਂ ਲੱਗੇਗਾ, ਪਰ ਇਹ ਜਾਨਲੇਵਾ ਨਹੀਂ ਹੋਵੇਗਾ।



ਇੰਡੀਅਨ ਸਾਇੰਸ ਕਾਂਗਰਸ ਵਿੱਚ ਇੱਕ ਅਜਿਹਾ ਰੋਬੋਟ ਵੀ ਲੋਕਾਂ ਸਾਹਮਣੇ ਰੱਖਿਆ ਗਿਆ ਹੈ ਜਿਸ ਨੂੰ ਕਿ ਸਿਰਫ ਫੌਜ ਇਸਤੇਮਾਲ ਕਰਦੀ ਹੈ। ਪ੍ਰਾਜੈਕਟ ਨਾਲ ਜੁੜੇ ਖੋਜੀ ਪੂਰਨਾਨੰਦ ਸਿੰਘ ਨੇ ਦੱਸਿਆ ਕਿ ਇਸ ਦੀ ਖਾਸੀਅਤ ਇਹ ਹੈ ਕਿ ਜੇਕਰ ਫੌਜ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਇਹ ਮਸ਼ੀਨ ਉਸ ਚੀਜ਼ ਨੂੰ ਚੁੱਕ ਕੇ 500 ਮੀਟਰ ਦੂਰ ਤਕ ਲੈ ਜਾਂਦਾ ਹੈ। ਇਸ ਤੋਂ ਬਾਅਦ ਮਸ਼ੀਨ ਸ਼ੱਕੀ ਚੀਜ਼ 'ਤੇ ਪਾਣੀ ਦਾ ਪ੍ਰੈਸ਼ਰ ਮਾਰਦੀ ਹੈ ਜਿਸ ਨਾਲ ਉਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ।



ਉਨ੍ਹਾਂ ਦੱਸਿਆ ਕਿ ਪਹਿਲਾਂ ਅਜਿਹੇ ਰੋਬੋਟ ਪਹਿਲਾਂ ਵਿਦੇਸ਼ਾਂ ਤੋਂ ਹੀ ਮੰਗਵਾਏ ਜਾਂਦੇ ਸਨ ਪਰ ਪਿਛਲੇ 10 ਸਾਲਾਂ ਤੋਂ ਅਜਿਹੀਆਂ ਮਸ਼ੀਨਾਂ ਹਿੰਦੁਸਤਾਨ ਵਿੱਚ ਵੀ ਬਣਦੀਆਂ ਹਨ। ਹੁਣ ਵਿਗਿਆਨੀ ਇਸ ਦਾ ਉੱਚ ਵਿਕਸਤ ਮਾਡਲ ਬਣਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮਸ਼ੀਨਾਂ ਪੁਲਿਸ ਨੂੰ ਵੀ ਦਿੱਤੀਆਂ ਜਾ ਸਕਦੀਆਂ ਹਨ।