ਚੰਡੀਗੜ੍ਹ: ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕਾਂ ਖਿਲਾਫ ਝੰਡਾ ਚੁੱਕ ਲੈ ਲਿਆ ਹੈ। ਅਕਾਲੀ ਦਲ ਨੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਨੂੰ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।
ਯਾਦ ਰਹੇ ਅਕਾਲੀ ਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਲੰਮੇ ਸਮੇਂ ਤੋਂ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰ ਰਹੀ ਹੈ ਪਰ ਸਪੀਕਰ ਇਸ ਨੂੰ ਲਗਾਤਾਰ ਟਾਲਦੇ ਆ ਰਹੇ ਹਨ। ਨਿਯਮਾਂ ਮੁਤਾਬਕ ਤਿੰਨੇ ਵਿਧਾਇਕ ਦਲ-ਬਦਲੀ ਕਾਨੂੰਨ ਮੁਤਾਬਕ ਅਯੋਗ ਕਰਾਰ ਦਿੱਤੇ ਜਾ ਸਕਦੇ ਹਨ ਕਿਉਂਕਿ ਮਾਨਸ਼ਾਹੀਆ ਤੇ ਸੰਦੋਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਬਣਾ ਲਈ ਹੈ।
ਖਹਿਰਾ ਨੇ ਲੋਕ ਸਭਾ ਚੋਣ ਲੜਨ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਪਰ ਲੰਘੇ ਦਿਨ ਅਚਾਨਕ ਅਸਤੀਫਾ ਵਾਪਸ ਲੈ ਲਿਆ। ਇਸ ਤੋਂ ਖਫਾ ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ। ਅਕਾਲੀ ਦਲ ਨੇ ਵੀ ਆਪ ਦੀ ਹਾਂ ਵਿੱਚ ਹਾਂ ਮਲਾਈ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਕੇ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਕੋਸ਼ਿਸ਼ ਸੰਵਿਧਾਨ ਨਾਲ ਧੋਖਾ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ‘ਆਪ’ ਦੇ ਇਹ ਵਿਧਾਇਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਨ ਲਈ ਅਯੋਗ ਠਹਿਰਾਏ ਜਾਣ ਦੇ ਹੱਕਦਾਰ ਹਨ। ਉਹ ਅਸਤੀਫ਼ਾ ਵਾਪਸ ਲੈਣ ਦਾ ਡਰਾਮਾ ਕਰ ਕੇ ਅਯੋਗ ਠਹਿਰਾਏ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਕਰਕੇ ਸੁਖਪਾਲ ਖਹਿਰਾ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਪੁੱਜਾ ਸੀ ਤੇ ਬਲਦੇਵ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਦੁਬਾਰਾ ‘ਆਪ’ ਵਿਚ ਸ਼ਾਮਲ ਹੋ ਰਿਹਾ ਹੈ। ਇਹ ਸਾਰੀ ਪਟਕਥਾ ਕਾਂਗਰਸ ਦੇ ਕਹਿਣ ’ਤੇ ਲਿਖੀ ਗਈ ਹੈ ਤੇ ਉਨ੍ਹਾਂ ਦੀ ਇਸ ਦਲੀਲ ਨੂੰ ਸੱਚ ਸਾਬਿਤ ਕਰਦੀ ਹੈ ਕਿ ‘ਆਪ’ ਵਿਧਾਇਕ ਕਾਂਗਰਸ ਦੀ ਬੀ ਟੀਮ ਹਨ।
ਡਾ. ਚੀਮਾ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ ਵਿੱਚ ਸਪੱਸ਼ਟ ਹੈ ਕਿ ਜੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਸਦਨ ਦਾ ਮੈਂਬਰ ਆਪਣੀ ਮਰਜ਼ੀ ਨਾਲ ਆਪਣੀ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਤਿਆਗਦਾ ਹੈ ਤਾਂ ਉਸ ਨੂੰ ਸਦਨ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ।
ਅਸਤੀਫਾ ਵਾਪਸ ਲੈ ਕੇ ਕਸੂਤੇ ਫਸ ਗਏ ਖਹਿਰਾ, 'ਆਪ' ਨਾਲ ਡਟਿਆ ਅਕਾਲੀ ਦਲ
ਏਬੀਪੀ ਸਾਂਝਾ
Updated at:
23 Oct 2019 03:19 PM (IST)
ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕਾਂ ਖਿਲਾਫ ਝੰਡਾ ਚੁੱਕ ਲੈ ਲਿਆ ਹੈ। ਅਕਾਲੀ ਦਲ ਨੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਨੂੰ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।
- - - - - - - - - Advertisement - - - - - - - - -