ਚੰਡੀਗੜ੍ਹ: ਪੁਲਵਾਮਾ ਵਿੱਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਸਿਆਸਤਦਾਨਾਂ ਨੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਲਗਾਤਾਰ ਭਾਰਤੀ ਫੌਜੀਆਂ ਨੂੰ ਨਿਸ਼ਾਨਾ ਬਣਾਇਆ ਬਾਵਜੂਦ ਇਸ ਦੇ ਪੰਜਾਬ ਦੇ ਮੁੱਖ ਮੰਤਰੀ ਪਾਕਿਸਤਾਨੀ ਨਾਗਰਕ ਅਰੂਸਾ ਆਲਮ ਨੂੰ ਆਪਣੇ ਘਰ ਰੱਖਦੇ ਹਨ।
ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਮੰਤਰੀ ਪਾਕਿਸਤਾਨ ਜਾ ਕੇ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਤਸਵੀਰਾਂ ਖਿਚਵਾਉਂਦੇ ਹਨ। ਅੱਜ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੈ ਤੇ ਪੰਜਾਬ ਦੇ ਇੱਕ ਮੰਤਰੀ ਹਰਿਆਣਾ ਵਿੱਚ ਮਸਤੀ ਕਰ ਰਹੇ ਹਨ। ਦਰਅਸਲ ਹਰਸਿਮਰਤ ਕੌਰ ਬਾਦਲ ਅੱਜ ਮਾਨਸਾ ਵਿੱਚ ਆਦਰਸ਼ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਸ਼ਹੀਦਾਂ ਲਈ ਦੋ ਮਿੰਟਾਂ ਦਾ ਮੌਨ ਵਰਤ ਵੀ ਰੱਖਿਆ।
ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਬੀਜੇਪੀ ਪ੍ਰਧਾਨ ਮੰਤਰੀ ਸ਼ਵੇਤ ਮਲਿਕ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਨੇ ਵੀ ਜਨਰਲ ਬਾਜਵਾ ਦੀ ‘ਜੱਫੀ’ ਦਾ ਜ਼ਿਕਰ ਕਰਦਿਆਂ ਸਿੱਧੂ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਕੀਤੇ ਜਾ ਰਹੇ ਹਨ ਜਦਕਿ ਸਾਡੇ ਲੀਡਰ ਪਾਕਿਸਤਾਨ ਨਾਲ ‘ਜੱਫੀ’ ਦੀ ਸਿਆਸਤ ਖੇਡ ਰਹੇ ਹਨ। ਇਸ ਮੌਕੇ ਬੀਜੇਪੀ ਲੀਡਰ ਗੁਰਦਾਸਪੁਰ ਦੇ ਬਟਾਲਾ ਵਿੱਚ ਪੁਲਵਾਮਾ ਹਮਲੇ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।