ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਅਕਾਲੀ ਦਲ ਤੇ ਬੀਜੇਪੀ 'ਚ ਸਿੱਧੂ ਦਾ ‘ਗੱਬਰ ਆ ਜਾਏਗਾ’ ਵਾਲਾ ਸਹਿਮ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸਿਰਫ ਪੰਜਾਬ ਬੀਜੇਪੀ ਤੇ ਅਕਾਲੀ ਦਲ 'ਚ ਹੀ ਨਹੀਂ, ਬਲਕਿ ਕੇਂਦਰ ਦੀ ਬੀਜੇਪੀ ਸਰਕਾਰ ਲਈ ਵੀ ‘ਗੱਬਰ ਆ ਜਾਏਗਾ’ ਵਾਲਾ ਡਰ ਬਣ ਗਏ ਹਨ। ਇਸ ਮੌਕੇ ਜਾਖੜ ਤੇ ਉਨ੍ਹਾਂ ਨਾਲ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਗੁਰਦਾਸਪੁਰ ਦੇ ਬਟਾਲਾ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ।


ਜਾਖੜ ਨੇ ਕਿਹਾ ਕਿ ਸਿੱਧੂ ਤਾਂ ਅਕਾਲੀ ਦਲ ਤੇ ਬੀਜੇਪੀ, ਇੱਥੋਂ ਤਕ ਕਿ ਨਰੇਂਦਰ ਮੋਦੀ ਲਈ ਵੀ ‘ਗੱਬਰ’ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਆਪਣੀ ਸਫਾਈ ਦਿੱਤੀ ਹੈ, ਇਹ ਫੈਸਲਾ ਭਾਰਤ ਦੀਆਂ ਖੁਫੀਆ ਏਜੰਸੀਆਂ ਤੇ ਸਰਕਾਰ ਨੇ ਕਰਨਾ ਹੈ ਕਿ ਹਮਲਾ ਕਿਸ ਨੇ ਕਰਵਾਇਆ?

ਪੁਲਵਾਮਾ ਹਮਲੇ ਬਾਰੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੁਨੀਲ ਜਾਖੜ ਨੇ ਕਿਹਾ ਕਿ ਖ਼ਾਨ ਦੇ ਇਸ ਬਿਆਨ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਹ ਤਾਂ ਪਤਾ ਲੱਗ ਗਿਆ ਹੋਏਗਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਕਿਸਤਾਨ ਉਨ੍ਹਾਂ ਦੀ 56 ਇੰਚ ਵਾਲੀ ਛਾਤੀ ਦੇ ਬਿਆਨਾਂ ਨਾਲ ਨਹੀਂ ਡਰ ਰਿਹਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਸਿਆਸਤ ਨਾਲ ਨਹੀਂ ਬਲਕਿ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿੱਚ ਫ਼ੈਸਲੇ ਲੈਣੇ ਚਾਹੀਦੇ ਹਨ।

ਇਸ ਸਬੰਧੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕਰਨਗੇ ਕਿਉਂਕਿ ਉਹ ਆਹਲਾ ਮੰਤਰੀ ਹਨ ਤੇ ਪਾਰਟੀ ਹਾਈ ਕਮਾਨ ਹੀ ਨਵਜੋਤ ਸਿੰਘ ਸਿੱਧੂ ਤੇ ਟਿੱਪਣੀ ਕਰ ਸਕਦੇ ਹਨ।