ਚੰਡੀਗੜ੍ਹ: ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਹੁਸੈਨ ਚੌਧਰੀ ਵੱਲੋਂ ਪੰਜਾਬੀ ਫੌਜੀਆਂ ਨੂੰ ਕਸ਼ਮੀਰ ਵਿੱਚ ਡਿਊਟੀ ਦਾ ਬਾਈਕਾਟ ਕਰਨ ਦੀ ਅਪੀਲ ਤੋਂ ਸ਼੍ਰੋਮਣੀ ਅਕਾਲੀ ਦਲ ਵੀ ਔਖਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਹ ਨਾ ਤਾਂ ਪੰਜਾਬੀਆਂ ਤੇ ਸਿੱਖਾਂ ਦੇ ਪ੍ਰਤੀਨਿਧ ਚਿਹਰੇ ਹਨ ਤੇ ਨਾ ਹੀ ਉਹ ਦੇਸ਼ ਪ੍ਰਤੀ ਭਾਵਨਾਵਾਂ ਦੇ ਮਾਮਲੇ ’ਚ ਪੰਜਾਬੀਆਂ ਤੇ ਸਿੱਖਾਂ ਦੀ ਸਹੀ ਪ੍ਰਤੀਨਿਧਤਾ ਕਰਦੇ ਹਨ।


ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਫੈਡਰਲ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਪੰਜਾਬੀ ਲਿਪੀ ਦੀ ਵਰਤੋਂ ਕਰਕੇ ਭਾਰਤੀ ਫੌਜ ਵਿੱਚ ਸੇਵਾ ਕਰਦੇ ਪੰਜਾਬੀ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਫਵਾਦ ਚੌਧਰੀ ਪੰਜਾਬੀ ਸੈਨਿਕਾਂ ਦੀ ਅਸਲੀ ਭਾਵਨਾ ਤੇ ਦਿੜ੍ਹ ਵਚਨਬੱਧਤਾ ਤੋਂ ਪੂਰੀ ਤਰਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਦੇਸ਼ ਦੀ ਰਾਖੀ ਵਾਸਤੇ ਅੱਗੇ ਹੋ ਕੇ ਲੜਾਈ ਲੜੀ ਹੈ ਤੇ ਸਿਰਫ ਪੰਜਾਬੀ ਲਿਪੀ ਦੀ ਵਰਤੋਂ ਨਾਲ ਹੀ ਫਵਾਦ ਚੌਧਰੀ ਪੰਜਾਬੀਆਂ ਨੂੰ ਭੜਕਾ ਨਹੀਂ ਸਕਦੇ।


ਯਾਦ ਰਹੇ ਜੰਮੂ-ਕਸ਼ਮੀਰ 'ਚੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਪਾਕਿਸਤਾਨ ਦੇ ਫਵਾਦ ਚੌਧਰੀ ਨੇ ਭਾਰਤੀ ਫੌਜ ਵਿੱਚ ਸ਼ਾਮਲ ਪੰਜਾਬੀ ਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਸੀ ਕਿ ਉਹ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਪਣੀ ਡਿਊਟੀ ਨਾ ਕਰਨ। ਉਨ੍ਹਾਂ ਟਵੀਟ ਕੀਤਾ, 'ਮੈਂ ਇੰਡੀਅਨ ਆਰਮੀ ਵਿੱਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !!'


ਉਨ੍ਹਾਂ ਦੇ ਇਸ ਟਵੀਟ 'ਤੇ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕਰੇ। ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਇੱਕ ਅਨੁਸਾਸ਼ਿਤ ਤੇ ਰਾਸ਼ਟਰਵਾਦੀ ਫੋਰਸ ਹੈ। ਫਵਾਦ ਚੌਧਰੀ ਦੇ ਭੜਕਾਊ ਬਿਆਨਾਂ ਦਾ ਭਾਰਤੀ ਫੌਜ 'ਤੇ ਕੋਈ ਅਸਰ ਨਹੀਂ।