ਚੰਡੀਗੜ੍ਹ: ਬੀਜੇਪੀ ਨਾਲੋਂ ਨਾਤਾ ਤੋੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਮੁੜ ਪੁਰਾਣੇ ਏਜੰਡੇ ਵੱਲ ਪਰਤਣ ਲੱਗਾ ਹੈ। ਕੇਂਦਰ ਵਿੱਚ ਸੱਤਾਧਾਰੀ ਬੀਜੇਪੀ ਨਾਲ ਟੱਕਰ ਲੈਣ ਲਈ ਅਕਾਲੀ ਦਲ ਨੇ ਆਪਣਾ ਪੁਰਾਣਾ ਹਥਿਆਰ 'ਸੰਘਵਾਦ' ਚੁੱਕਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਘੀ ਢਾਂਚਾ ਬਹਾਲ ਕਰਨ ਲਈ ਬਾਕਾਇਦਾ ਕਮੇਟੀ ਬਣਾਈ ਹੈ। ਇਹ ਕਮੇਟੀ ਦੇਸ਼ ਭਰ ਵਿੱਚ ਹਮਖਿਆਲੀ ਪਾਰਟੀਆਂ ਨੂੰ ਲਾਮਬੰਦ ਕਰੇਗੀ।
ਦਿਲਚਸਪ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਅਨੇਕਾਂ ਅਜਿਹੇ ਫੈਸਲੇ ਹੋਏ ਤੇ ਕਾਨੂੰਨ ਬਣੇ ਜਿਨ੍ਹਾਂ ਨੂੰ ਸੰਘੀ ਢਾਂਚੇ ਦੇ ਖਿਲਾਫ ਕਿਹਾ ਗਿਆ। ਉਸ ਵੇਲੇ ਮੋਦੀ ਸਰਕਾਰ ਦਾ ਭਾਈਵਾਲ ਹੋਣ ਕਰਕੇ ਅਕਾਲੀ ਦਲ ਕਦੇ ਵੀ ਖੁੱਲ੍ਹ ਕੇ ਨਹੀਂ ਬੋਲਦਾ ਸੀ। ਹੁਣ ਜਦੋਂ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਹੈ ਤਾਂ ਅਕਾਲੀ ਦਲ ਆਪਣੀ ਪੁਰਾਣੀ ਲੀਹ ਵੱਲ ਪਰਤਣ ਲੱਗਾ ਹੈ।
ਇਸ ਲਈ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਉੱਚ ਤਾਕਤੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ ਜੋ ਦੇਸ਼ ਵਿੱਚ ਖੇਤਰੀ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਰਕੇ ਅਸਲ ਸੰਘੀ ਢਾਂਚਾ ਦੀ ਸਥਾਪਤੀ ਯਕੀਨੀ ਬਣਾਏਗੀ। ਐਤਵਾਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ।
ਇਸ ਉੱਚ ਤਾਕਤੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ ਜਦਕਿ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਮੈਂਬਰ ਹੋਣਗੇ। ਇਹ ਕਮੇਟੀ ਸੂਬਿਆਂ ਨੂੰ ਵਧੇਰੇ ਵਿੱਤੀ ਤੇ ਸਿਆਸੀ ਖ਼ੁਦਮੁਖ਼ਤਿਆਰੀ ਦੇਣ ਦੀ ਹਮਾਇਤ ਕਰਨ ਵਾਲੀਆਂ ਹੋਰਨਾਂ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਰੇਗੀ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਕੇਂਦਰ ਵੱਲੋਂ ਹਾਲ ’ਚ ਲਏ ਫ਼ੈਸਲਿਆਂ ਕਾਰਨ ਬਣੇ ਖ਼ਤਰੇ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ’ਚ ਸੱਤਾਵਾਦੀ ਤੇ ਇੱਕਪਾਸੜ ਫ਼ੈਸਲਿਆਂ ਦੀ ਬਿਰਤੀ ਖ਼ਿਲਾਫ਼ ਸੰਘਰਸ਼ ’ਚ ਹਮੇਸ਼ਾ ਮੋਹਰੀ ਰਿਹਾ ਹੈ।
ਉਨ੍ਹਾਂ ਕਿਹਾ, ‘ਮੁਲਕ ਦਾ ਵਿਰਸਾ ਅਮੀਰ ਖੇਤਰੀ, ਸੱਭਿਆਚਾਰਕ, ਧਾਰਮਿਕ ਤੇ ਭਾਸ਼ਾਈ ਭਿੰਨਤਾ ਵਾਲਾ ਹੈ ਤੇ ਸਾਡੀ ਤਾਕਤ ਸਹਿਕਾਰੀ ਸੰਘਵਾਦ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੀ ਹੈ। ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਜਿਸ ਸਦਕਾ ਅਸੀਂ ਵਿਸ਼ਵ ਸ਼ਕਤੀ ਵਜੋਂ ਉਭਰਾਂਗੇ।’
ਬੀਜੇਪੀ ਨਾਲੋਂ ਨਾਤਾ ਤੋੜਨ ਮਗਰੋਂ ਅਕਾਲੀ ਦਲ ਦਾ ਐਕਸ਼ਨ
ਏਬੀਪੀ ਸਾਂਝਾ
Updated at:
05 Oct 2020 11:06 AM (IST)