ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਮੁੜ ਪੈਦਾ ਹੋਏ ਰੋਹ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਹੜਕੰਪ ਮੱਚ ਗਿਆ ਹੈ। ਪਿੰਡਾਂ ਵਿੱਚ ਅਕਾਲੀ ਲੀਡਰਾਂ ਦੇ ਵਿਰੋਧ ਦੇ ਐਲਾਨ ਮਗਰੋਂ ਅਕਾਲੀ ਦਲ ਵੀ ਹਰਕਤ ਵਿੱਚ ਆ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਤਾਜ਼ਾ ਹਾਲਾਤ ਬਾਰੇ ਚਰਚਾ ਕੀਤੀ ਗਈ।


 

ਮੀਟਿੰਗ ਮਗਰੋਂ ਅਕਾਲੀ ਦਲ ਦੇ ਬਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਗੁੰਡਾ ਅਨਸਰਾਂ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਬਦਨਾਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਗੁੰਡਿਆਂ ਨੂੰ ਕਿਹਾ ਹੈ ਕਿ ਅਕਾਲੀ ਦਲ ਦਾ ਵਿਰੋਧ ਕਰੋ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਓ।

ਉਨ੍ਹਾਂ ਕਿਹਾ ਕਿ ਪਾਰਟੀ ਇੱਕ ਸਤੰਬਰ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ 'ਤੇ ਵਿਰੋਧ ਕਰਦਿਆਂ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਪੁਤਲੇ ਫੂਕੇਗੀ। ਸੁਨੀਲ ਜਾਖੜ ਦੇ ਹਲਕੇ ਅਬੋਹਰ ਵਿੱਚ ਨੌਂ ਸਤੰਬਰ ਨੂੰ ਅਕਾਲੀ ਦਲ ਵੱਡੀ ਰੈਲੀ ਕਰੇਗਾ। ਦਰਅਸਲ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਦੀ ਦੀ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ' ਤੇ ਉਂਗਲ ਉੱਠਣ ਮਗਰੋਂ ਅਕਾਲੀ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਦੇ ਪੁਤਲੇ ਫੂਕੇ ਜਾ ਰਹੇ ਹਨ ਤੇ ਪਿੰਡਾਂ ਵਿੱਚ ਨਾ ਵੜਨ ਦਾ ਐਲਾਨ ਕੀਤਾ ਗਿਆ ਹੈ।