ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਵੱਲੋਂ 84.6 ਫੀਸਦੀ  ਚੋਣ ਵਾਅਦੇ ਪੂਰੇ ਕਰਨ ਦੇ ਦਾਅਵੇ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਪੇਸ਼ ਹੋ ਰਹੇ ਬਜਟ ਵਿਚ ਬਾਕੀ ਰਹਿੰਦੇ 15.4 ਫੀਸਦੀ ਵਾਅਦੇ ਵੀ ਪੂਰ ਕਰ ਦੇਣ ਤੇ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ 100 ਫੀਸਦੀ ਵਾਅਦੇ ਪੂਰੇ ਕੇ ਆਰਾਮ ਕਰਨ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਦਾਅਵੇ 84.6 ਫੀਸਦੀ ਵਾਅਦੇ ਪੂਰੇ ਕੀਤੇ ਜਾਣ ’ਤੇ ਵਿਅੰਗ ਕੱਸਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਤਾਂ ਸਿਰਫ 15.4 ਫੀਸਦੀ ਵਾਅਦੇ ਹੀ ਰਹਿ ਗਏ ਹਨ ਜੋ ਮੁੱਖ ਮੰਤਰੀ ਲਈ ਬੱਚਿਆਂ ਦੀ ਖੇਡ ਹੈ । ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਮੂੰਹ ਮੀਆਂ ਮਿੱਠੂ ਬਣਦਿਆਂ ਆਪ ਦਾਅਵਾ ਕੀਤਾ ਕਿ ਐਨੇ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪ੍ਰਸ਼ਾਂਤ ਕਿਸ਼ੋਰ ਵੀ ਤੁਹਾਡੇ ਨਾਲ ਆ ਗਿਆ ਹੈ ਤਾਂ ਫਿਰ ਬਾਕੀ ਰਹਿੰਦੇ 15.4 ਫੀਸਦੀ ਵਾਅਦੇ ਕੱਲ੍ਹ ਦੇ ਬਜਟ ਵਿਚ ਹੀ ਸ਼ਾਮਲ ਕੀਤੇ ਜਾ ਸਕਦੇ ਹਨ।


ਚੀਮਾ ਨੇ ਕਿਹਾ ਕਿ ਜਿਹੜੇ 15.4 ਫੀਸਦੀ ਵਾਅਦੇ ਪੂਰੇ ਕਰਨੇ ਬਾਕੀ ਰਹਿ ਗਏ ਹਨ। ਉਨ੍ਹਾਂ ਵਿਚ ਕਿਸਾਨਾਂ ਦੇ ਪੂਰੇ ਕਰਜ਼ੇ ਦਾ 90 ਹਜ਼ਾਰ ਕਰੋੜ ਰੁਪਏ ਮੁਆਫ ਕਰਨਾ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਇਕ-ਇਕ ਸਰਕਾਰੀ ਨੌਕਰੀ ਦਾ ਵਾਅਦਾ ਵੀ ਹਾਲੇ ਪੂਰਾ ਹੋਣ ਦੀ ਉਡੀਕ ਕਰ ਰਿਹਾ ਹੈ ਤੇ ਪਿਛਲੇ ਚਾਰ ਸਾਲਾਂ ਵਿਚ 1500 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਚੀਮਾ ਨੇ ਕਿਹਾ ਕਿ ਇੰਨਾ ਹੀ ਨਹੀਂ ਕਾਂਗਰਸ ਨੂੰ ਆਪਣੇ ਵਾਅਦੇ ਅਨੁਸਾਰ ਪਿਛਲੇ ਚਾਰ ਸਾਲ ਦੇ ਬਕਾਇਆਂ ਸਮੇਤ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਫੌਰੀ ਪੂਰਾ ਕਰਨਾ ਚਾਹੀਦਾ ਹੈ ਤੇ ਹਰ ਘਰ ਰੋਜ਼ਗਾਰ ਦੇ ਵਾਅਦੇ ਅਨੁਸਾਰ ਹਰ ਘਰ ਦੇ ਇਕ ਬੇਰੋਜ਼ਗਾਰ ਨੁੰ ਤੁਰੰਤ ਨਿਯੁਕਤੀ ਪੱਤਰ ਦੇਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਇਸੇ ਤਰੀਕੇ 2500 ਰੁਪਏ ਬੁਢਾਪਾ ਪੈਨਸ਼ਨ ਵੀ ਲਾਭਪਾਤਰੀਆਂ ਨੂੰ ਪਿਛਲੇ ਚਾਰ ਸਾਲਾਂ ਦੇ ਬਕਾਏ ਸਮੇਤ ਦੇਣੀ ਚਾਹੀਦੀ ਹੈ। ਸ਼ਗਨ ਸਕੀਮ ਦੇ ਸਾਰੇ ਲਾਭਪਾਤਰੀਆਂ ਨੁੰ 51000 ਰੁਪਏ ਤੁਰੰਤ ਦੇਣੇ ਚਾਹੀਦੇ ਹਨ। ਠੇਕੇ ’ਤੇ ਕੰਮ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੁੰ ਤੁਰੰਤ  ਕੱਲ੍ਹ ਤੋਂ ਹੀ ਰੈਗੂਲਰ ਕਰ ਦੇਣਾ ਚਾਹੀਦਾ ਹੈ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਫਾਈਨਲ ਕਰ ਕੇ ਤੁਰੰਤ ਲਾਗੂ ਕਰਨੀ ਚਾਹੀਦੀ ਹੈ।


ਅਕਾਲੀ ਆਗੂ ਨੇ ਕਿਹਾ ਕਿ ਰਹਿੰਦੇ 15.4 ਫੀਸਦੀ ਵਾਅਦਿਆਂ ਦੇ ਹਿੱਸੇ ਵਜੋਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੁੰ ਆਟਾ ਦਾਲ ਦੇ ਨਾਲ ਨਾਲ ਖੰਡ ਪੱਤੀ ਤੇ ਖੰਡ ਵੀ ਤੁਰੰਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦਾ ਦਾਅਵਾ ਪਿਛਲੇ ਚਾਰ ਸਾਲਾਂ ਵਿਚ ਪੂਰਾ ਨਹੀਂ ਹੋਇਆ ਬਲਕਿ ਹੁਦ ਤੱਕ ਘਰ ਘਰ ਨਸ਼ੇ ਦੀ ਡਲੀਵਰੀ ਹੋ ਰਹੀ ਹੈ ਤੇ ਇਹ ਵਾਅਦਾ ਵੀ ਹਾਲੇ ਪੂਰਾ ਹੋਣਾ ਬਾਕੀ ਹੈ।


ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਸ ਹੈ ਕਿ ਕੱਲ੍ਹ ਪੇਸ਼ ਕੀਤੇ ਜਾ ਰਹੇ ਅਮਰਿੰਦਰ ਸਿੰਘ ਸਰਕਾਰ ਦੇ ਆਖਰੀ ਬਜਟ ਵਿਚ ਬਾਕੀ ਰਹਿੰਦੇ ਉਪਰੋਕਤ ਵਾਅਦੇ 15.4 ਫੀਸਦੀ ਵਾਅਦਿਆਂ ਦੇ ਹਿੱਸੇ ਵਜੋਂ ਕੱਲ੍ਹ ਪੂਰੇ ਕੀਤੇ ਜਾਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਕੱਲ੍ਹ ਹੀ ਰਹਿੰਦੇ 15.4 ਫੀਸਦੀ ਵਾਅਦੇ ਪੂਰੇ ਕਰ ਕੇ ਆਪਣੀ ਮਿਆਦ ਪੂਰੀ ਹੋਣ ਤੋਂ ਇਕ ਸਾਲ ਪਹਿਲਾਂ ਹੀ ਸਾਰੇ 100 ਫੀਸਦੀ ਵਾਅਦੇ ਪੂਰ ਕੇ ਆਰਾਮ ਕਰ ਸਕਦੇ ਹਨ।