ਚੰਡੀਗੜ੍ਹ: ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲਈ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਹਾਲਤ ਬਣ ਗਈ ਹੈ। ਪਾਰਟੀ ਅੰਦਰ ਵੀ ਇਸ ਮੁੱਦੇ ਬਾਰੇ ਅਕਾਲੀ ਲੀਡਰ ਦੋਫਾੜ ਹਨ। ਇਸ ਕਰਕੇ ਸ਼ਨੀਵਾਰ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਖੇਤੀ ਆਰਡੀਨੈਂਸਾਂ ਬਾਰੇ ਕੋਈ ਸਪਸ਼ਟ ਫੈਸਲਾ ਨਹੀਂ ਲੈ ਸਕਿਆ।

ਸੰਸਦ ਦੇ ਸ਼ੁਰੂ ਹੋਣ ਜਾ ਰਹੇ ਇਜਲਾਸ ਵਿੱਚ ਖੇਤੀ ਆਰਡੀਨੈਂਸ ਅਹਿਮ ਮੁੱਦਾ ਰਹੇਗਾ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੰਸਦ ਮੈਂਬਰ ਇਸ ਮੁੱਦੇ ਉੱਪਰ ਬੀਜੇਪੀ ਸਰਕਾਰ ਨੂੰ ਘੇਰਨਗੇ। ਦੂਜੇ ਪਾਸੇ ਕੇਂਦਰ ਸਰਕਾਰ ਦਾ ਭਾਈਵਾਲ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਬੜੀ ਔਖੀ ਘੜੀ ਹੋਏਗੀ। ਅਕਾਲੀ ਦਲ ਦਾ ਜ਼ਿਆਦਾ ਵੋਟ ਬੈਂਕ ਵੀ ਕਿਸਾਨੀ ਹੈ। ਇਸ ਦੇ ਬਾਵਜੂਦ ਪਾਰਟੀ ਨੂੰ ਕੇਂਦਰ ਦੇ ਪਾਲੇ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ।

ਸੰਸਦ ਦੇ ਇਜਲਾਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਸੱਦੀ ਗਈ। ਸੂਤਰਾਂ ਮੁਤਾਬਕ ਕੁਝ ਲੀਡਰ ਖੇਤੀ ਆਰਡੀਨੈਂਸਾਂ ਉੱਪਰ ਸਖਤ ਸਟੈਂਡ ਲੈਣ ਦੇ ਹੱਕ ਵਿੱਚ ਸੀ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਿੱਚ-ਵਿਚਾਲੇ ਦਾ ਰਸਤਾ ਅਖਤਿਆਰ ਕਰਨ ਦੇ ਹੱਕ 'ਚ ਦਿੱਸੇ। ਇਸ ਕਰਕੇ ਖੇਤੀ ਆਰਡੀਨੈਂਸਾਂ ਖਿਲਾਫ਼ ਅਕਾਲੀ ਦਲ ਕੋਈ ਮਤਾ ਪਾਸ ਨਹੀਂ ਕਰ ਸਕਿਆ। ਹੋਰ ਤਾਂ ਹੋਰ ਸੰਸਦ ਵਿੱਚ ਅਕਾਲੀ ਸੰਸਦ ਮੈਂਬਰਾਂ ਵੱਲੋਂ ਲਏ ਜਾਣ ਵਾਲੇ ਸਟੈਂਡ ਬਾਰੇ ਵੀ ਕੋਈ ਸਪੱਸ਼ਟ ਫੈਸਲਾ ਨਹੀਂ ਹੋ ਸਕਿਆ।

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਵਿੱਚ-ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ਕਰਕਿਆਂ ਕੇਂਦਰ ਸਰਕਾਰ ਨੂੰ ਜ਼ਰੂਰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਤਿੰਨੇ ਖੇਤੀ ਆਰਡੀਨੈਂਸ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕਿਸਾਨਾਂ-ਮਜ਼ਦੂਰਾਂ ਦੇ ਖਦਸ਼ੇ ਦੂਰ ਕਰੇ। ਸੁਖਬੀਰ ਨੇ ਆਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਸੁਰੱਖਿਅਤ ਭਵਿੱਖ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਉਂਝ ਕੋਰ ਕਮੇਟੀ ਨੇ ਮਤਾ ਪਾਸ ਕੀਤਾ ਹੈ ਕਿ ਅਕਾਲੀ ਦਲ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਕੋਰ ਕਮੇਟੀ ਨੇ ਕਿਸਾਨਾਂ ਦੇ ਸਾਰੇ ਮਸਲੇ ਕੇਂਦਰ ਸਰਕਾਰ ਕੋਲ ਉਠਾਉਣ ਦਾ ਦ੍ਰਿੜ੍ਹ ਸੰਕਲਪ ਲਿਆ। ਪਤਾ ਲੱਗਾ ਹੈ ਕਿ ਕੋਰ ਕਮੇਟੀ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਖੇਤੀ ਆਰਡੀਨੈਂਸਾਂ ਬਾਰੇ ਦੋ ਟੁੱਕ ਫੈਸਲਾ ਲੈਣ ਦੀ ਸਲਾਹ ਦਿੱਤੀ।