ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ NEET 2020 ਲਈ ਕਰੀਬ 15.97 ਲੱਖ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਵਿੱਚ ਵੀ ਬਣੇ 6 ਪ੍ਰੀਖਿਆ ਕੇਂਦਰਾਂ 'ਤੇ ਕਰੀਬ 3100 ਵਿਦਿਆਰਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਪ੍ਰੀਖਿਆ ਦੇ ਰਹੇ ਹਨ। ਹਾਲਾਂਕਿ ਇਸ ਪ੍ਰੀਖਿਆ ਬਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਅਲੱਗ-ਅਲੱਗ ਰਾਏ ਹੈ।


ਕੁਝ ਦਾ ਕਹਿਣਾ ਹੈ ਕਿ ਲੌਕਡਾਊਨ ਕਰਕੇ ਬੱਚੇ ਕੋਚਿੰਗ ਸੈਂਟਰ ਜਾ ਕੇ ਪੇਪਰ ਦੀ ਤਿਆਰੀ ਨਹੀਂ ਕਰ ਸਕੇ। ਸਿਰਫ ਆਨਲਾਈਨ ਤਿਆਰੀ ਦੇ ਸਿਰ 'ਤੇ ਉਨ੍ਹਾਂ ਦੇ ਬੱਚੇ ਇਹ ਪ੍ਰੀਖਿਆ ਦੇ ਰਹੇ ਹਨ। ਕੁਝ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਲੌਕਡਾਊਨ ਦਾ ਕਾਫੀ ਫਾਇਦਾ ਉਠਾਇਆ ਹੈ। ਘਰ ਬੈਠ ਕੇ ਆਨਲਾਈਨ ਕਾਫੀ ਚੰਗੀ ਤਿਆਰੀ ਕੀਤੀ ਹੈ। ਜੇਕਰ ਇਹ ਪ੍ਰੀਖਿਆ ਹੋਰ ਲੇਟ ਹੋ ਜਾਂਦੀ ਤਾਂ ਬੱਚਿਆਂ ਦਾ ਇੱਕ ਸਾਲ ਬਰਬਾਦ ਹੋ ਜਾਣਾ ਸੀ।

ਇਸ ਤੋਂ ਇਲਾਵਾ ਕੁਝ ਦਾ ਕਹਿਣਾ ਸੀ ਕਿ ਕੋਵਿਡ ਕਰਕੇ ਜਿਸ ਤਰ੍ਹਾਂ ਦੇ ਹੁਣ ਪ੍ਰਬੰਧ ਕੀਤੇ ਗਏ ਹਨ, ਉਸੇ ਤਰ੍ਹਾਂ ਦੇ ਪ੍ਰਬੰਧ 2-3 ਮਹੀਨੇ ਪਹਿਲਾਂ ਕਰਕੇ ਵੀ ਇਹ ਪੇਪਰ ਲਿਆ ਜਾ ਸਕਦਾ ਸੀ। ਕੁਝ ਦਾ ਕਹਿਣਾ ਹੈ ਕਿ ਤਿੰਨ ਘੰਟੇ ਪਹਿਲਾਂ ਹੀ ਬੱਚਿਆਂ ਨੂੰ ਪ੍ਰੀਖਿਆਂ ਕੇਂਦਰ ਅੰਦਰ ਬੁਲਾ ਲਿਆ ਗਿਆ ਹੈ, ਇਹ ਬਹੁਤ ਜਲਦੀ ਹੈ।

ਵਿਦਿਆਰਥੀਆਂ ਦੀ ਪ੍ਰਤੀਕਿਰਿਆ ਵੀ ਅੱਜ ਦੀ ਪ੍ਰੀਖਿਆ ਬਾਰੇ ਅਲੱਗ-ਅਲੱਗ ਸੀ ਪਰ ਜ਼ਿਆਦਾਤਰ ਵਿਦਿਆਰਥੀ ਅੱਜ ਹੋ ਰਹੇ ਪੇਪਰ ਤੋਂ ਸੰਤੁਸ਼ਟ ਦਿਖਾਈ ਦਿੱਤੇ। ਚਾਹੇ ਲੌਕਡਾਊਨ ਕਰਕੇ ਕੋਚਿੰਗ ਸੈਂਟਰ ਨਹੀਂ ਜਾ ਸਕੇ ਪਰ ਆਨਲਾਈਨ ਪੜ੍ਹਾਈ ਲਈ ਕਾਫੀ ਸਮਾਂ ਮਿਲ ਗਿਆ ਸੀ। ਉਹ ਅੱਜ ਦੇ ਪੇਪਰ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਪ੍ਰਸ਼ਾਸਨ ਵੱਲੋਂ ਵੀ ਕੋਵਿਡ ਨੂੰ ਲੈ ਕੇ ਜੋ ਤਿਆਰੀ ਕੀਤੀ ਗਈ ਹੈ, ਉਸ ਨਾਲ ਉਹ ਖੁਦ ਨੂੰ ਸੁਰੱਖਿਅਤ ਸਮਝਦੇ ਹਨ।

ਪ੍ਰੀਖਿਆ ਕੇਂਦਰ ਦੇ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਅੱਜ ਦੇ ਪੇਪਰ ਨੂੰ ਲੈ ਕੇ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਬੱਚਿਆਂ ਨੂੰ ਸਾਨੀਟਾਈਜ਼ਰ, ਮਾਸਕ ਤੇ ਗਲੱਬਜ਼ ਦਿੱਤੇ ਜਾ ਰਹੇ ਹਨ। ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਬੱਚਿਆਂ ਨੂੰ ਇਸ ਕਰਕੇ ਜਲਦੀ ਬੁਲਾਇਆ ਗਿਆ ਹੈ ਕਿ ਥਰਮਲ ਸਕੈਨਿੰਗ ਨਾਲ ਜਾਂਚ ਦੇ ਨਾਲ-ਨਾਲ ਪ੍ਰੀਖਿਆਂ ਕੇਂਦਰ ਵਿੱਚ ਸੋਸ਼ਲ ਡਿਸਟੈਂਸ ਨਾਲ ਬੱਚਿਆਂ ਨੂੰ ਬਿਠਾਇਆ ਜਾ ਸਕੇ।

Education Loan Information:

Calculate Education Loan EMI