ਚੰਡੀਗੜ੍ਹ: ਪਟਿਆਲਾ ਪੁਲਿਸ ਨੇ ਸੀਨੀਅਰ ਅਕਾਲੀ ਲੀਡਰ ਤੇ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਪਟਿਆਲਾ ਦੀ ਵਿਧਵਾ ਮਹਿਲਾ ਨਾਲ ਬਲਾਤਕਾਰ ਤੇ ਉਸ ਨੂੰ ਧੋਖਾ ਦੇਣ ਦੇ ਇਲਜ਼ਾਮ ਲੱਗੇ ਹਨ। ਨਵੰਬਰ ਵਿੱਚ ਘਨੌਰ ਦੀ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰਵਾਉਣ ਬਾਅਦ ਉਨ੍ਹਾਂ ’ਤੇ ਉਸ ਤੇ ਉਸ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਇਲਜ਼ਾਮ ਲਾਏ ਹਨ।


ਸੂਤਰਾਂ ਮੁਤਾਬਕ ਹਰਪਾਲਪੁਰ ਪਿਛਲੇ ਦੋ ਮਹੀਨਿਆਂ ਤੋਂ ਫਰਾਰ ਸੀ। ਪੁਲਿਸ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ। ਦੋ ਨਵੰਬਰ ਨੂੰ ਉਨ੍ਹਾਂ ਖ਼ਿਲਾਫ਼ ਬਲਾਤਕਾਰ ਤੇ ਧੋਖਾਧੜੀ ਸਬੰਧੀ ਐਫਆਈਆਰ ਦਾਖ਼ਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹਰਪਾਲਪੁਰ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਿਸ਼ਤੇਦਾਰ ਹਨ।

ਪੀੜਤ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਉਸ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਆਫਆਈਆਰ ਮੁਤਾਬਕ 40 ਸਾਲਾ ਪੀੜਤਾ ਪੜ੍ਹਨ-ਲਿਖਣ ਦੇ ਅਸਰਮਥ ਹੈ ਤੇ ਪਤੀ ਦੀ ਮੌਤ ਪਿਛੋਂ ਪਿੰਡ ਘਨੌਰ ਵਿੱਚ 13 ਵਿਘੇ ਜ਼ਮੀਨ ਦੀ ਮਾਲਕਣ ਹੈ। ਉਹ ਜ਼ਮੀਨ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਬਘੌਰਾ ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਤੇ ਹਰਪਾਲਪੁਰ ਨੇ ਜ਼ਮੀਨ ਉਸ ਦੇ ਨਾਂ ਕਰਨ ਲਈ ਉਸ ਦਾ ਅੰਗੂਠਾ ਲਵਾਇਆ ਸੀ।

ਜਦੋਂ ਉਸ ਨੇ ਕਾਗ਼ਜ਼ਾਂ ’ਤੇ ਅੰਗੂਠਾ ਲਾ ਦਿੱਤਾ ਤਾਂ ਦੋਵਾਂ ਜਣਿਆਂ ਨੇ ਉਸ ਨੂੰ ਕਿਹਾ ਕਿ ਪਹਿਲਾਂ ਉਹ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ, ਤਾਂ ਹੀ ਉਸ ਦਾ ਕੰਮ ਕਰਨਗੇ। ਜਦੋਂ ਪੀੜਤ ਮਹਿਲਾ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਜ਼ਮੀਨ ਦੇ ਕਾਗ਼ਜ਼ ਦੇਣੋਂ ਨਾਂਹ ਕਰ ਦਿੱਤੀ। ਇਸ ਪਿੱਛੋਂ ਪੀੜਤ ਮਹਿਲਾ ਨੇ ਮਜਬੂਰੀਵੱਸ ਉਨ੍ਹਾਂ ਦੀ ਮੰਗ ਮੰਨ ਲਈ ਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਰਾਜ਼ੀ ਹੋ ਗਈ। ਉੱਧਰ ਹਰਪਾਲਪੁਰ ਨੇ ਇਸ ਸਭ ਨੂੰ ਆਧਾਰਹੀਣ ਤੇ ਸਿਆਸਤ ਤੋਂ ਪ੍ਰਭਾਵਿਤ ਦੱਸਿਆ ਹੈ।