ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਪਾਸੋਂ ਗਊ ਟੈਕਸ ਵਸੂਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦਾ ਘਾਣ ਕਰਾਰ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਘਰੇਲੂ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲਣਾ ਤੁਰੰਤ ਬੰਦ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹ ਲੋਕਾਂ ਨੂੰ ਇਹ ਸੱਦਾ ਦੇਣਗੇ ਕਿ ਸਾਰੇ ਆਵਾਰਾ ਪਸ਼ੂ ਇਕੱਠੇ ਕਰਕੇ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਤੇ ਪੰਜਾਬ ਦੇ ਹੋਰ ਅਜਿਹੇ ਦਫ਼ਤਰਾਂ ਵਿੱਚ ਛੱਡੇ ਜਾਣ।
ਉਨ੍ਹਾਂ ਐਲਾਨ ਕੀਤਾ ਹੈ ਕਿ ਜੇ ਫਿਰ ਵੀ ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਕੋਈ ਯੋਗ ਹੱਲ ਨਾ ਹੋਇਆ ਤਾਂ ਆਵਾਰਾ ਪਸ਼ੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪਟਿਆਲਾ ਵਿੱਚ ਡੱਕ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਹੈ ਕਿ ਆਵਾਰਾ ਪਸ਼ੂਆਂ ਕਾਰਨ ਸੜਕਾਂ ’ਤੇ ਹਾਦਸੇ ਦਿਨੋ ਦਿਨ ਵੱਧ ਰਹੇ ਹਨ ਤੇ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ।
ਦੂਜੇ ਪਾਸੇ ਪੰਜਾਬ ਸਰਕਾਰ ਗੈਰਕਾਨੂੰਨੀ ਢੰਗ ਨਾਲ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਰਾਹੀਂ ਘਰੇਲੂ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲ ਰਹੀ ਹੈ ਜਦਕਿ ਲਾਵਾਰਸ ਗਊਆਂ ਤੇ ਸਾਨ੍ਹਾਂ ਦੀ ਦੇਖ ਭਾਲ ਦਾ ਕੰਮ ਨਾ ਪੰਜਾਬ ਸਰਕਾਰ ਕਰ ਰਹੀ ਹੈ ਤੇ ਨਾ ਹੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ। ਬਿਜਲੀ ਖਪਤਕਾਰਾਂ ’ਤੇ ਗਊ-ਟੈਕਸ ਲਾਉਣਾ ਜਿੱਥੇ ਗੈਰ ਕਾਨੂੰਨੀ ਹੈ ਉੱਥੇ ਹੀ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦੇ ਵੀ ਵਿਰੁੱਧ ਹੈ, ਜਿਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।