ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਪਟਿਆਲਾ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਹਮਾਇਤ ਦੇ ਸਕਦਾ ਹੈ। ਟਕਸਾਲੀਆਂ ਦੇ ਇਸ ਪੈਂਤੜੇ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਨੁਕਸਾਨ ਹੋ ਸਕਦਾ ਹੈ। ਟਕਸਾਲੀ ਲੀਡਰਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਸੰਗਰੂਰ, ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਤੋਂ ਹੀ ਚੋਣ ਲੜਣਗੇ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਆਪਣਾ ਉਮੀਦਵਾਰ ਨਾ ਐਲਾਨ ਕੇ ਟਕਸਾਲੀ ਡਾ. ਧਰਮਵੀਰ ਗਾਂਧੀ ਦੀ ਹਮਾਇਤ ਕਰਨਗੇ।


ਟਕਸਾਲੀਆਂ ਨੇ ਖਡੂਰ ਸਾਹਿਬ ਤੋਂ ਸਾਬਕਾ ਜਨਰਲ ਜੇਜੇ ਸਿੰਘ, ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਤੇ ਸੰਗਰੂਰ ਹਲਕੇ ਤੋਂ ਐਡਵੋਕੇਟ ਰਾਜਦੇਵ ਨੂੰ ਉਮੀਦਵਾਰ ਬਣਾਇਆ ਹੈ। ਇਸ ਵਿੱਚੋਂ ਵੀ ਖਡੂਰ ਸਾਹਿਬ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਜਨਰਲ ਜੇਜੇ ਸਿੰਘ ਵਾਪਸ ਲੈਣ ਦੀ ਮੰਗ ਉੱਠ ਰਹੀ ਹੈ। ਉਂਝ ਟਕਸਾਲੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਆਪਣੇ ਉਮੀਦਵਾਰ ਨੂੰ ਵਾਪਸ ਲੈਣਾ ਔਖਾ ਹੈ।

ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਸੰਗਰੂਰ, ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਨੂੰ ਛੱਡ ਕੇ ਬਾਕੀ ਹਲਕਿਆਂ ਤੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਖਿਲਾਫ ਡਟੇ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਹਮਾਇਤ ਦੇ ਸਕਦਾ ਹੈ। ਉਂਝ ਟਕਸਾਲੀਆਂ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿਸ ਧਿਰ ਦੇ ਉਮੀਦਵਾਰਾਂ ਦੀ ਹਮਾਇਤ ਕਰਨਗੇ।

ਪਟਿਆਲਾ ਹਲਕੇ ਬਾਰੇ ਚਰਚਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਤਕੜੇ ਉਮੀਦਵਾਰ ਆਹਮੋ-ਸਾਹਮਣੇ ਹੋਣ ਕਰਕੇ ਟਕਸਾਲੀ ਡਾ. ਧਰਮਵੀਰ ਗਾਂਧੀ ਦੀ ਹਮਾਇਤ ਕਰ ਸਕਦੇ ਹਨ। ਗਾਂਧੀ ਨੇ ਪਿਛਲੀ ਵਾਰ ਵੀ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨੂੰ ਹਰਾਇਆ ਸੀ। ਪਟਿਆਲਾ ਸੀਟ ’ਤੇ ਕਾਂਗਰਸ ਵੱਲੋਂ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਤੇ ਅਕਾਲੀ-ਭਾਜਪਾ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਮੈਦਾਨ ਵਿਚ ਹਨ ਤੇ ਪੀਡੀਏ ਵੱਲੋਂ ਡਾ. ਧਰਮਵੀਰ ਗਾਂਧੀ ਮੈਦਾਨ ਵਿਚ ਹਨ। ‘ਆਪ’ ਵੱਲੋਂ ਨੀਨਾ ਮਿੱਤਲ ਨੂੰ ਉਮੀਦਵਾਰ ਐਲਾਨਿਆ ਹੈ।