ਪੰਥਕ ਮੋਰਚੇ ’ਤੇ ਹਮਲੇ ਲਈ ਸੁਖਬੀਰ ਬਾਦਲ ਨੇ ਸੌਂਪੀਆਂ ਡਿਊਟੀਆਂ: ਦਾਦੂਵਾਲ
ਏਬੀਪੀ ਸਾਂਝਾ | 12 Sep 2018 02:14 PM (IST)
ਚੰਡੀਗੜ੍ਹ: ਬੇਅਦਬੀ ਕਾਂਡ ਵਿਰੁੱਧ ਲਾਏ ਬਰਗਾੜੀ ਮੋਰਚੇ ਦੀ ਕਮਾਨ ਸੰਭਾਲ ਰਹੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖ਼ਦਸ਼ਾ ਜਤਾਇਆ ਕਿ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ ਰੈਲੀ ਮੌਕੇ ਪੰਥਕ ਮੋਰਚੇ ’ਤੇ ਹਮਲਾ ਕਰਵਾ ਸਕਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਹਮਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਡਿਊਟੀਆਂ ਸੌਂਪ ਦਿੱਤੀਆਂ ਹਨ। ਦਾਦੂਵਾਲ ਨੇ ਕਿਹਾ ਉਹ ਇਨਸਾਫ਼ਪਸੰਦ ਹਨ, ਪਰ ਜੇ ਬਾਦਲਾਂ ਨੇ ਮੋਰਚੇ ’ਤੇ ਹਮਲਾ ਕੀਤਾ ਤਾਂ ਅਸੀ ਮੂੰਹ-ਤੋੜ ਜਵਾਬ ਦੇਵਾਂਗੇ। ਉਨ੍ਹਾਂ ਰੈਲੀ ਵਾਲੇ ਦਿਨ ਵੱਧ ਤੋਂ ਵੱਧ ਸੰਗਤ ਨੂੰ ਮੋਰਚੇ ਵਿੱਚ ਪੁੱਜਣ ਦੀ ਅਪੀਲ ਕੀਤੀ। ਪੰਥਕ ਧਿਰਾਂ ਦਾ ਇਹ ਧਾਰਮਿਕ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ, ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਦਾਦੂਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਅਬੋਹਰ ਰੈਲੀ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਦਾਦੂਵਾਲ ਨੇ 16 ਕਰੋੜ ਰੁਪਏ ਬਰਗਾੜੀ ਅਨਾਜ ਮੰਡੀ ਵਿੱਚ ਇਕੱਠੇ ਕਰ ਲਏ, ਜੋ ਸਰਾਸਰ ਝੂਠ ਹੈ।