ਚੰਡੀਗੜ੍ਹ: ਤਣਾਅ ਦੇ ਮਾਹੌਲ ਵਿੱਚ ਅੱਜ ਦੇਸ਼ ਦੀ ਨਿਗ੍ਹਾ ਡੇਰਾ ਸਿਰਸਾ ਮੁਖੀ ਵੱਲੋਂ ਕਥਿਤ ਰੂਪ ਵਿੱਚ ਕੀਤੇ ਜਿਨਸੀ ਸੋਸ਼ਨ ਸਬੰਧੀ ਸੀਬੀਆਈ ਅਦਾਲਤ ਦੇ ਫ਼ੈਸਲੇ ਉੱਤੇ ਲੱਗੀ ਹੋਈ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜਿਆ ਇਹ ਮਾਮਲਾ ਕਿੰਨਾ ਸੰਵੇਦਨਸ਼ੀਲ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਰਾਜਾਂ ਵਿੱਚ ਹਾਈ ਅਲਰਟ ਤੇ ਤਿੰਨ ਮੁੱਖ ਰਾਜਾਂ ਵਿੱਚ ਧਾਰਾ 144 ਨੂੰ ਲਾਗੂ ਕੀਤਾ ਗਿਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ 15 ਸਾਲਾ ਪੁਰਾਣੇ ਇਸ ਕੇਸ ਦੀ ਸੁਣਵਾਈ ਕੌਣ ਕਰ ਰਿਹਾ ਹੈ। ਜੀ ਹਾਂ ਇਸ ਬਹੁਚਰਚਿਤ ਕੇਸ ਤੇ ਜਗਦੀਪ ਸਿੰਘ ਸੰਧੂ ਆਪਣਾ ਫ਼ੈਸਲਾ ਸੁਣਾਉਣਗੇ। ਆਓ ਜਾਣਦੇ ਹਾਂ ਇਸ ਜੱਜ ਬਾਰੇ।


ਜਦੋਂ ਚਾਰ ਜ਼ਖਮੀਆਂ ਦੀ ਜ਼ਿੰਦਗੀ ਬਚਾ ਕੇ ਚਰਚਾ 'ਚ ਆਏ-

ਜਗਦੀਪ ਸਿੰਘ ਬਿਹਤਰੀਨ ਜੱਜ ਹੋਣ ਦੇ ਨਾਲ ਬੇਹੱਦ ਚੰਗੇ ਇਨਸਾਨ ਹਨ। ਉਨ੍ਹਾਂ ਨੇ 2016 ਵਿੱਚ ਸੜਕ ਦੁਰਘਟਨਾ ਵਿੱਚ ਜ਼ਖਮੀ 4 ਲੋਕਾਂ ਦੀ ਜ਼ਿੰਦਗੀ ਬਚਾ ਕੇ ਨੇਕ ਕੰਮ ਕੀਤਾ ਸੀ ਤੇ ਚਰਚਾ ਵਿੱਚ ਆਏ ਸਨ। ਦਰਅਸਲ ਜਗਦੀਪ ਸਿੰਘ ਸੰਧੂ ਹਿਸਾਰ ਵਿੱਚ ਪੰਚਕੂਲਾ ਆ ਰਹੇ ਸਨ। ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ। ਉਨ੍ਹਾਂ ਨੇ ਆਪਣੀ ਗੱਡੀ ਰੋਕੀ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਐਕਸੀਡੈਂਟ ਵਿੱਚ ਕੁੱਲ 4 ਲੋਕਾਂ ਜ਼ਖ਼ਮੀ ਹੋ ਗਏ ਸਨ। ਮੁੱਢਲੀ ਸਿਹਤ ਸਹੂਲਤ ਲਈ ਐਂਬੂਲੈਂਸ ਨੂੰ ਫ਼ੋਨ ਕੀਤਾ ਪਰ ਜਦੋਂ ਦੇਖਿਆ ਦੇਰੀ ਹੋ ਰਹੀ ਹੈ ਤਾਂ ਉਨ੍ਹਾਂ ਨੇ ਇੱਕ ਗੱਡੀ ਰੁਕਵਾਈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਜੱਜ ਬਣਨ ਤੋਂ ਪਹਿਲਾਂ ਹਾਈਕੋਰਟ 'ਚ ਵਕੀਲ ਸੀ ਜੱਜ ਜਗਦੀਪ ਸਿੰਘ

ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਜੱਜ ਜਗਦੀਪ ਸਿੰਘ ਬੇਹੱਦ ਸਖ਼ਤ ਤੇ ਨਿਆਇਕ ਜੱਜ ਦੇ ਰੂਪ ਵਿੱਚ ਮਕਬੂਲ ਹਨ। ਉਹ ਜੁਡੀਸ਼ੀਅਲ ਸੇਵਾ ਵਿੱਚ ਆਉਣ ਤੋਂ ਪਹਿਲਾਂ ਉਹ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਵੀ ਰਹਿ ਚੁੱਕੇ ਹਨ। 2012 ਵਿੱਚ ਉਨ੍ਹਾਂ ਨੇ ਹਰਿਆਣਾ ਜੁਡੀਸ਼ੀਅਲ ਸਰਵਿਸ ਜੁਆਇਨ ਕੀਤੀ ਸੀ। ਉਸ ਦੀ ਪਹਿਲੀ ਪੋਸਟਿੰਗ ਸੋਨੀਪਤ ਵਿੱਚ ਹੋਈ। ਸੀਬੀਆਈ ਕੋਰਟ ਵਿੱਚ ਇਹ ਉਸ ਦੀ ਦੂਸਰੀ ਪੋਸਟਿੰਗ ਹੈ।

ਪੰਜਾਬ ਯੂਨੀਵਰਸਿਟੀ ਤੋਂ ਕੀਤੀ ਵਕਾਲਤ ਦੀ ਡਿਗਰੀ

ਜਗਦੀਪ ਸਿੰਘ ਬੇਹੱਦ ਹੋਣਹਾਰ ਵਿਦਿਆਰਥੀ ਵਿੱਚ ਗਿਣੇ ਜਾਂਦੇ ਸਨ ਅਤੇ 2000 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਲਈ ਸੀ। ਉਹ ਸਾਲ 2000 ਤੋਂ 2012 ਤੱਕ ਕਈ ਸਿਵਲ ਅਤੇ ਕ੍ਰੀਮਿਨਲ ਕੇਸ ਲੜ ਚੁੱਕੇ ਹਨ। ਉਨ੍ਹਾਂ ਦੇ ਦੋਸਤਾਂ ਮੁਤਾਬਿਕ ਉਹ ਬਹੁਮੁਖੀ ਪ੍ਰਤਿਭਾ ਦੇ ਧਨੀ ਹੋਣ ਦੇ ਨਾਲ ਹੀ ਬੇਹੱਦ ਸਖ਼ਤ ਸੁਭਾਅ ਰੱਖਣ ਵਾਲੇ ਵਿਅਕਤੀ ਹਨ।