ਅੰਮ੍ਰਿਤਸਰ: ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਕੈਪਟਨ ਨੇ ਸਿੱਖ ਪੰਥ ਦੀ ਮਹਾਨ ਸੰਸਥਾ ਬਾਰੇ ਗਲਤ ਬਿਆਨਬਾਜ਼ੀ ਕਰਕੇ ਅਣਸੁਖਾਵਾਂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਮੁੱਚਾ ਸੰਤ ਸਮਾਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦੇ ਹਰ ਆਦੇਸ਼ ਦੀ ਪਾਲਣਾ ਕਰੇਗਾ। ਉਨ੍ਹਾਂ ਕਿਹਾ ਕਿ ਕੁੱਝ ਅਖੌਤੀ ਪ੍ਰਚਾਰਕ ਗੁਰੂ ਸਹਿਬਾਨ ਦੇ ਇਤਿਹਾਸ ਤੇ ਸਿਧਾਂਤ ਨੂੰ ਢਾਹ ਲਾਉਣ ਦੇ ਯਤਨ ਕਰ ਰਹੇ ਹਨ। ਸੰਤ ਸਮਾਜ ਵੱਲੋਂ ਬਿਨਾ ਕਿਸੇ ਦਾ ਨਾਂ ਲੈਂਦਿਆਂ ਕਿਹਾ ਗਿਆ ਕਿ ਕੁੱਝ ਸਿੱਖੀ ਬਾਣੇ 'ਚ ਛੁਪੇ ਲੋਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਦੇ ਅਕਸ ਨੂੰ ਧੁੰਦਲਾ ਕਰਨ ਦੇ ਯਤਨ 'ਚ ਲੱਗੇ ਹੋਏ ਹਨ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਾਨਾ ਤੇ ਜਾਣਕਾਰੀ ਤੋਂ ਸੱਖਣਾ ਦੱਸਿਦਿਆਂ ਕਿਹਾ ਸੀ ਕਿ ਦਮਦਮੀ ਟਕਸਾਲ ਗੁਰੂ ਸਿਧਾਂਤ ਮੁਤਾਬਕ ਨਾ ਕਿਸੇ ਨੂੰ ਡਰਾਉਂਦੀ ਹੈ ਤੇ ਕਿਸੇ ਤੋਂ ਡਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੂੰ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਵਰਗੇ ਗੁਰ ਨਿੰਦਕਾਂ ਦੀ ਤਰਫ਼ਦਾਰੀ ਕਰਨ ਲਈ ਮੁਖ ਮੰਤਰੀ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਜਿਸ ਲਹਿਜ਼ੇ ‘ਚ ਕੈਪਟਨ ਵੱਲੋਂ ਦਮਦਮੀ ਟਕਸਾਲ ਤੇ ਇਸ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਜ਼ਾਹਿਰ ਹੈ ਕਿ ਉਹ ਦਮਦਮੀ ਟਕਸਾਲ ਦੇ ਮੁਖੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।