ਹੁਸ਼ਿਆਰਪੁਰ: ਕਾਂਗਰਸ ਵੱਲੋਂ ਸੀਟਾਂ ਦਾ ਐਲਾਨ ਕਰਦਿਆਂ ਹੀ ਪਾਰਟੀ ਵਿੱਚ ਬਗ਼ਾਵਤੀ ਸੁਰ ਤੇਜ਼ ਹੋ ਗਏ ਹਨ। ਹੁਸ਼ਿਆਰਪੁਰ ਤੋਂ ਸਾਬਕਾ ਸਾਂਸਦ ਸੰਤੋਸ਼ ਚੌਧਰੀ ਨੇ ਪਾਰਟੀ 'ਤੇ ਭੜਾਸ ਕੱਢਦਿਆਂ ਕਿਹਾ ਕਿ ਪਾਰਟੀ ਨੇ ਪਹਿਲਾਂ ਉਨ੍ਹਾਂ ਦੇ ਪਤੀ ਤੇ ਹੁਣ ਉਨ੍ਹਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਕਹਿਣਗੇ ਤਾਂ ਉਹ ਆਜ਼ਾਦ ਚੋਣ ਲੜਨ ਲਈ ਤਿਆਰ ਹਨ।

ਸੋਮਵਾਰ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਾਜ ਕੁਮਾਰ ਤੇ ਜ਼ਿਲ੍ਹਾ ਕਾਂਗਰਸ ਵੱਲੋਂ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਭਰ ਦੇ ਸਮੂਹ ਵਿਧਾਇਕ ਮੌਜੂਦ ਰਹੇ ਪਰ ਪਾਰਟੀ ਵਿੱਚ ਲੋਕ ਸਭਾ ਸੀਟ 'ਤੇ ਆਪਣੀ ਮੁੱਖ ਦਾਅਵੇਦਾਰੀ ਪੇਸ਼ ਕਰ ਰਹੇ ਸੰਤੋਸ਼ ਚੌਧਰੀ ਗੈਰਹਾਜ਼ਰ ਰਹੇ।

ਚੌਧਰੀ ਨੇ ਪਾਰਟੀ 'ਤੇ ਇਲਜ਼ਾਮ ਲਾਇਆ ਕਿ ਪਹਿਲਾਂ ਉਨ੍ਹਾਂ ਦੇ ਪਤੀ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਜੋ ਇਹ ਗ਼ਮ ਬਰਦਾਸ਼ਤ ਨਹੀਂ ਕਰ ਪਾਏ ਤੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਪਾਰਟੀ ਉਨ੍ਹਾਂ ਨਾਲ ਵੀ ਇਹੋ ਕੁਝ ਕਰ ਰਹੀ ਹੈ। ਇੱਥੋਂ ਤਕ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹੋਈ ਮੀਟਿੰਗ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਸਨੇਹਾ ਦਿੱਤਾ ਗਿਆ ਸੀ।

ਇਸ ਸਬੰਧੀ ਚੌਧਰੀ ਨੇ ਕਾਂਗਰਸ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਇਸ ਕਦਮ ਨਾਲ ਉਨ੍ਹਾਂ ਦੇ ਨਾਲ-ਨਾਲ ਹਲਕੇ ਦੀ ਜਨਤਾ ਦਾ ਵੀ ਦਿਲ ਟੁੱਟਾ ਹੈ। ਜਨਤਾ ਉਨ੍ਹਾਂ ਦੀ ਮਾਂ ਹੈ, ਜੇ ਜਨਤਾ ਕਹੇਗੀ ਤਾਂ ਉਹ ਆਜ਼ਾਦ ਚੋਣ ਲੜ ਸਕਦੇ ਹਨ।