ਚੰਡੀਗੜ੍ਹ: ਸੋਮਵਾਰ ਸਵੇਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਚਿੰਤਾ ਖੜ੍ਹੀ ਹੋ ਗਈ ਜਦ ਅਸਮਾਨ 'ਚ ਦੂਰ-ਦੂਰ ਤਕ ਬੱਦਲ ਛਾ ਗਏ। ਕੁਝ ਹੀ ਸਮੇਂ 'ਚ ਤੇਜ਼ ਹਵਾਵਾਂ ਵਗਣ ਲੱਗੀਆਂ ਤੇ ਫਿਰ ਮੀਂਹ ਵੀ ਪੈਣ ਲੱਗਾ। ਜਿੱਥੇ ਚੰਡੀਗੜ੍ਹੀਆਂ ਨੂੰ ਇਹ ਮੌਸਮ ਦਾ ਇਹ ਬਦਲਾਅ ਸੁਹਾਵਨਾ ਲੱਗ ਰਿਹਾ ਸੀ ਉੱਥੇ ਹੀ ਇਹ ਬੱਦਲ ਕਿਸਾਨਾਂ 'ਤੇ ਸੰਕਟ ਬਣ ਕੇ ਵਰ੍ਹੇ।
ਸਵੇਰੇ ਅੱਠ ਵਜੇ ਦੇ ਕਰੀਬ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਖੇਤਰਾਂ ਵਿੱਚ ਕਾਲੀਆਂ ਘਟਾਵਾਂ ਛਾਅ ਗਈਆਂ। ਤਕਰੀਬਨ ਤਿੰਨ ਘੰਟੇ ਮੌਸਮ ਇਸੇ ਤਰ੍ਹਾਂ ਰਿਹਾ। ਚੰਡੀਗੜ੍ਹ ਦੇ ਲਾਗਲੇ ਇਲਾਕਿਆਂ ਵਿੱਚ ਦਰਮਿਆਨੀ ਬਾਰਸ਼ ਵੀ ਹੋਈ। ਮੌਸਮ ਵਿਭਾਗ ਮੁਤਾਬਕ ਆਮ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਤਾਪਮਾਨ 34-39 ਡਿਗਰੀ ਸੈਂਟੀਗ੍ਰੇਡ ਤਕ ਹੁੰਦਾ ਹੈ, ਪਰ ਸੋਮਵਾਰ ਨੂੰ ਅਚਾਨਕ ਠੰਢੇ ਹੋਏ ਮੌਸਮ ਕਾਰਨ ਤਾਪਮਾਨ ਘੱਟ ਗਿਆ।
ਮੌਸਮ ਵਿੱਚ ਅਚਾਨਕ ਆਈ ਤਬਦੀਲੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵੀ ਵਾਧਾ ਕਰ ਦਿੱਤਾ। ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ 'ਤੇ ਜਾਰੀ ਹੈ ਤੇ ਅਜਿਹੇ ਵਿੱਚ ਮੌਸਮ ਦਾ ਇੰਨਾ ਖ਼ਰਾਬ ਹੋਣਾ ਕਿਸਾਨਾਂ ਲਈ ਚੰਗਾ ਸੰਕੇਤ ਨਹੀਂ। ਰੂਪਨਗਰ ਜ਼ਿਲ੍ਹੇ ਦੇ ਕਿਸਾਨਾਂ ਜਸਵਿੰਦਰ ਸਿੰਘ ਤੇ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਕਣਕ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਹੋਰ ਵੀ ਕਿਸਾਨਾਂ ਹਨ ਜਿਨ੍ਹਾਂ ਦੀ 80% ਕਣਕ ਦਾ ਨੁਕਸਾਨ ਹੋਇਆ ਹੈ, ਜਦਕਿ ਸਰ੍ਹੋਂ ਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ।
ਰੂਪਨਗਰ ਜ਼ਿਲ੍ਹੇ ਦੇ ਪਿੰਡ ਕਟਲੀ, ਖੁਆਸਪੁਰਾ, ਘਨੌਲੀ ,ਰਾਏਪੁਰ ,ਬੇਲਾ, ਬਜੀਦਪੁਰ, ਬਹਿਰਾਮਪੁਰ ,ਲਖਮੀਪੁਰ ,ਮਲਕਪੁਰ ,ਫੀਡੇਆਂ , ਦੁੱਗਰੀ, ਨਾਨਕਪੁਰਾ ਗਰੇਵਾਲ, ਟੱਪਰੀਆਂ ਦੇ ਕਿਸਾਨਾਂ ਨੇ ਦੱਸਿਆ ਕਿ ਅਚਾਨਕ ਪਏ ਮੀਂਹ ਤੇ ਹਨੇਰੀ ਕਾਰਨ ਕਣਕ 'ਚ ਦਾਣਾ ਨਹੀਂ ਬਚਿਆ ਹੈ ਤੇ ਫ਼ਸਲ ਵਿਛ ਜਾਣ ਕਾਰਨ ਵਾਢੀ ਕਰਨੀ ਔਖੀ ਹੋ ਗਈ ਹੈ। ਵਿਛ ਚੁੱਕੀ ਫ਼ਸਲ ਕੰਬਾਈਨ ਨਾਲ ਨਹੀਂ ਵੱਢੀ ਜਾ ਸਕਦੀ ਪਰ ਇਸ ਦੀ ਕਟਾਈ ਹੱਥੀਂ ਹੋ ਸਕਦੀ ਹੈ ਪਰ ਲੇਬਰ ਦੀ ਘਾਟ ਕਾਰਨ ਅਜਿਹਾ ਕਰਨਾ ਮੁਸ਼ਕਲ ਹੈ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੇ ਮੁਆਵਜ਼ੇ ਦੀ ਮੰਗ ਵੀ ਕੀਤੀ।