ਹੁਸ਼ਿਆਰਪੁਰ: ਕਾਂਗਰਸ ਤੋਂ ਨਾਰਾਜ਼ ਚੱਲ ਰਹੀ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਕਿਹਾ ਹੈ ਕਿ ਉਹ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਪਹਿਲੀ ਤੇ ਆਖਰੀ ਪਸੰਦ ਹਨ। ਇਸ ਲਈ ਟਿਕਟ ਉਨ੍ਹਾਂ ਨੂੰ ਹੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਚੱਬੇਵਾਲ ਮਾਂ ਸਮਝਦੇ ਹਨ ਤਾਂ ਉਨ੍ਹਾਂ ਨੂੰ ਮਾਂ ਦਾ ਹੱਕ ਵਾਪਸ ਮੋੜਨਾ ਚਾਹੀਦਾ ਹੈ।


'ABP ਸਾਂਝਾ' ਨਾਲ ਖ਼ਾਸ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਧਨ-ਬਲ ਨੇ ਇਮਾਨਦਾਰੀ ਤੇ ਸੇਵਾ ਨੂੰ ਪਿੱਛੇ ਛੱਡ ਦਿੱਤਾ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੇ ਡਾ. ਰਾਜ ਕੁਮਾਰ ਚੱਬੇਵਾਲ ਉਨ੍ਹਾਂ ਨੂੰ ਆਪਣੀ ਮਾਂ ਸਮਝਦੇ ਹਨ ਤਾਂ ਮਾਂ ਦਾ ਹੱਕ ਵਾਪਸ ਕਰਨ।

ਚੌਧਰੀ ਨੇ ਕਿਹਾ ਕਿ ਵਰਕਰਾਂ ਨੂੰ ਸਮਝ ਨਹੀਂ ਆ ਰਹੀ ਕਿ ਕਾਂਗਰਸ ਨੂੰ ਕੀ ਹੋਇਆ ਹੈ। ਪਿਛਲੀ ਵਾਰ ਵੀ ਕੰਮ ਉਨ੍ਹਾਂ ਨੇ ਕੀਤਾ ਤੇ ਟਿਕਟ ਕੇਪੀ ਨੂੰ ਦੇ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ ਉਨ੍ਹਾਂ ਨੂੰ ਨਕਾਰਿਆ। ਚੱਬੇਵਾਲ ਦੀ ਫਿਲਹਾਲ ਹਲਕੇ ਵਿੱਚ ਕੋਈ ਪਛਾਣ ਨਹੀਂ ਜਦਕਿ ਸੋਨੀਆ ਗਾਂਧੀ ਨੇ ਉਨ੍ਹਾਂ ਦੇ ਕੰਮ ਨੂੰ ਵੇਖ ਕੇ ਉਨ੍ਹਾਂ ਨੂੰ ਮੰਤਰੀ ਬਣਾਇਆ ਸੀ। ਉਨ੍ਹਾਂ ਕਿਹਾ ਕਿ ਡਾ. ਰਾਜ ਕੁਮਾਰ ਦੀ ਚੱਬੇਵਾਲ ਹਲਕੇ ਵਿੱਚ ਹੀ ਵਿਰੋਧਤਾ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਟਿਕਟ ਨਾ ਮਿਲਣ 'ਤੇ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਟਿਕਟ ਅਪਲਾਈ ਕਰਨ ਲਈ ਖੁਦ ਚੰਡੀਗੜ੍ਹ ਗਏ ਸਨ ਪਰ ਹੁਣ ਕਾਂਗਰਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਘਰ ਨਾ ਛੱਡਣ ਪਰ ਸੋਸ਼ਣ ਨਹੀਂ ਚਾਹੀਦਾ।