ਜਲੰਧਰ: ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਡੀਐਨਏ ਜਾਂਚ ਕਰਵਾਉਣ ਤੋਂ ਨਾਂਹ-ਨੁੱਕਰ ਕਰ ਰਹੀ ਹੈ। ਦਲਬੀਰ ਕੌਰ ਨੇ ਕਿਹਾ ਕਿ ਮੈਂ ਡੀਐਨਏ ਟੈਸਟ ਕਿਉਂ ਕਰਵਾਵਾਂ ਜਦ ਮਾਮਲਾ ਕੋਰਟ ਵਿੱਚ ਹੈ।

ਦਰਅਸਲ, ਲੁਧਿਆਣਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਦਲਬੀਰ ਕੌਰ, ਸਰਬਜੀਤ ਦੀ ਸਕੀ ਭੈਣ ਨਹੀਂ ਬਲਕਿ ਉਹ ਹੈ। ਪਰ, ਦਲਬੀਰ ਕੌਰ ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰ ਰਹੀ ਹੈ। ਦੋਵਾਂ ਦਰਮਿਆਨ ਉਪਜੇ ਵਿਵਾਦ ਦੌਰਾਨ ਸਰਕਾਰ ਨੇ ਤੀਜੇ ਬੰਦੇ ਦੀ ਸ਼ਿਕਾਇਤ ਨੇ ਡੀਐਨਏ ਜਾਂਚ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ। ਦਲਬੀਰ ਤੇ ਬਲਜਿੰਦਰ ਦਰਮਿਆਨ ਵਿਵਾਦ ਅਦਾਲਤ ਵਿੱਚ ਹੈ।

ਦਲਬੀਰ ਕੌਰ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸਰਬਜੀਤ ਦੀ ਲੜਾਈ ਮੈਂ ਲੜੀ ਹੈ, ਬਲਜਿੰਦਰ ਨੇ ਨਹੀਂ ਤੇ ਤਾਲਿਬਾਨੀ ਮੈਨੂੰ ਹੀ ਧਮਕੀਆਂ ਦਿੰਦੇ ਸਨ ਨਾ ਬਲਜਿੰਦਰ ਨੂੰ। ਉਨ੍ਹਾਂ ਕਿਹਾ ਕਿ ਬਲਜਿੰਦਰ ਪੈਸਿਆਂ ਵਾਸਤੇ ਸਾਰਾ ਕੁਝ ਕਰ ਰਹੀ ਹੈ। ਦਲਬੀਰ ਕੌਰ ਨੇ ਬਲਜਿੰਦਰ ਨੂੰ ਸਵਾਲ ਕੀਤਾ ਕਿ ਜੇ ਉਸ ਦੇ ਮਾਪਿਆਂ ਨੇ ਬਲਜਿੰਦਰ ਦੇ ਮਾਪਿਆਂ ਤੋਂ ਸਰਬਜੀਤ ਨੂੰ ਗੋਦ ਲਿਆ ਤਾਂ ਉਸ 'ਤੇ ਕਿਸ ਦਾ ਹੱਕ ਬਣਦਾ ਹੈ।

ਉਨ੍ਹਾਂ ਕਿਹਾ ਕਿ ਬਲਜਿੰਦਰ ਅਦਾਲਤ ਵਿੱਚ ਕੁਝ ਸਾਬਤ ਨਹੀਂ ਕਰ ਸਕੀ ਤੇ ਹੁਣ ਪੈਸਿਆਂ ਲਈ ਇਹ ਰਸਤਾ ਅਪਣਾ ਲਿਆ। ਉਨ੍ਹਾਂ ਕਿਹਾ ਕਿ ਬਲਜਿੰਦਰ ਫਰਾਡ ਹੈ ਤੇ ਉਸ ਦੇ ਪਰਿਵਾਰ ਨੇ ਗ਼ਲਤ ਤਰੀਕੇ ਨਾਲ ਨੌਕਰੀ ਲਈ ਹੈ। ਉੱਧਰ, ਸਰਬਜੀਤ ਦੀ ਛੋਟੀ ਕੁੜੀ ਪੂਨਮ ਕੌਰ ਨੇ ਸਵਾਲ ਕੀਤਾ ਕਿ ਜੇ ਬਲਜਿੰਦਰ ਅਸਲ ਭੈਣ ਤਾਂ ਭਰਾ ਨੂੰ ਬਦਨਾਮ ਕਿਉਂ ਕਰ ਰਹੀ ਹੈ। ਸਰਬਜੀਤ ਦੀ ਪਤਨੀ ਸੁਖਪ੍ਰੀਤ ਨੇ ਵੀ ਦਲਬੀਰ ਕੌਰ ਦਾ ਪੱਖ ਪੂਰਿਆ। ਉਨ੍ਹਾਂ ਕਿਹਾ ਕਿ ਸਵਪਨਦੀਪ ਮੇਰੀ ਤੇ ਸਰਬਜੀਤ ਦੀ ਧੀ ਹੈ। ਦਲਬੀਰ ਨੇ ਕਿਹਾ ਕਿ ਅਦਾਲਤਾਂ ਦੇ ਮਸਲੇ ਅਦਾਲਤਾਂ ਵਿੱਚ ਹੀ ਨਿਬੜਣੇ ਚਾਹੀਦੇ ਹਨ, ਇਸ ਲਈ ਉਹ ਡੀਐਨਏ ਟੈਸਟ ਨਹੀਂ ਕਰਵਾਉਣਗੇ।