ਚੰਡੀਗੜ੍ਹ: 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਪੰਥਕ ਧਿਰਾਂ ਵਿੱਚ ਆਪਸੀ ਖਿੱਚੋਤਾਣ ਵਧ ਗਈ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਪੰਜ ਪਿਆਰਿਆਂ ਨੂੰ 10 ਨਵੰਬਰ ਦੇ ਸਰਬੱਤ ਖ਼ਾਲਸਾ ਦੀ ਅਗਵਾਈ ਸੌਂਪਣ ਲਈ ਰਾਜ਼ੀ ਨਹੀਂ ਜਦਕਿ ਪੰਜ ਪਿਆਰੇ ਉਨ੍ਹਾਂ ਵੱਲੋਂ ਤਿਆਰ ਕੀਤੇ ਵਿਧੀ ਵਿਧਾਨ ਲਾਗੂ ਕਰਾਉਣ ’ਤੇ ਅੜੇ ਹੋਏ ਹਨ। ਰੇੜਕਾ ਮੁਕਾਉਣ ਲਈ 23 ਅਕਤੂਬਰ ਨੂੰ ਮੀਟਿੰਗ ਬੁਲਾਈ ਗਈ ਸੀ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ। ਕਾਬਲੇਗੌਰ ਹੈ ਕਿ ਸਰਬੱਤ ਖ਼ਾਲਸਾ ਬਾਰੇ ਵਿਚਾਰ ਵਟਾਂਦਰੇ ਲਈ 18 ਅਕਤੂਬਰ ਨੂੰ ਪੰਜ ਪਿਆਰਿਆਂ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਜਥੇਦਾਰਾਂ ਦੇ ਸ਼ਾਮਲ ਨਾ ਹੋਣ ਮਗਰੋਂ ਦੋਵਾਂ ਧਿਰਾਂ ’ਚ ਟਕਰਾਅ ਵਧ ਗਿਆ ਹੈ। ਉਸ ਮੀਟਿੰਗ ਵਿੱਚ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸਰਬੱਤ ਖ਼ਾਲਸਾ ਦਾ ਵਿਧੀ ਵਿਧਾਨ ਤਿਆਰ ਕਰਨ ਲਈ ਚਾਰ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਕਮੇਟੀਆਂ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਆਪਣੀ ਰਿਪੋਰਟ ਸੌਂਪੇ ਜਾਣ ਦੀ ਆਸ ਹੈ। ਦੂਜੇ ਪਾਸੇ ਜਥੇਦਾਰਾਂ ਵੱਲੋਂ ਆਪਣੇ ਪੱਧਰ ’ਤੇ ਸਰਬੱਤ ਖ਼ਾਲਸਾ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਿਆ ਹੈ ਕਿ ਪੰਜ ਪਿਆਰਿਆਂ ਤੇ ਜਥੇਦਾਰਾਂ ਵਿੱਚ ਏਕਤਾ ਕਰਾਉਣ ਲਈ ਜਰਮਨੀ ਤੋਂ ਪੰਥਕ ਆਗੂ ਵਿਸ਼ੇਸ਼ ਤੌਰ ’ਤੇ ਆਏ ਹੋਏ ਹਨ। ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਾਉਣ ਚਾਰਾ ਕੀਤਾ ਕੀਤਾ ਗਿਆ ਸੀ। ਤਿਹਾੜ ਜੇਲ੍ਹ ’ਚ ਬੰਦ ਜਗਤਾਰ ਸਿੰਘ ਹਵਾਰਾ ਨੇ ਇੱਕ ਸੁਨੇਹੇ ਰਾਹੀਂ ਦਸ ਨਵੰਬਰ ਦੇ ਸਰਬੱਤ ਖ਼ਾਲਸਾ ਲਈ ਪੰਜ ਪਿਆਰਿਆਂ ਨੂੰ ਅਗਵਾਈ ਕਰਨ ਤੇ ਦੂਜੇ ਤਿੰਨ ਜਥੇਦਾਰਾਂ ਨੂੰ ਸਰਪ੍ਰਸਤੀ ਕਰਨ ਲਈ ਕਿਹਾ ਸੀ ਪਰ ਜਥੇਦਾਰ, ਪੰਜ ਪਿਆਰਿਆਂ ਦੀ ਅਗਵਾਈ ਬਾਰੇ ਸਹਿਮਤ ਨਾ ਹੋਏ।