ਚੰਡੀਗੜ੍ਹ: 10 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖਾਲਸਾ ਦੇ ਆਗੂਆਂ ਦੀ ਪੁਲਿਸ ਵੱਲੋਂ ਫੜੋ-ਫੜੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪੰਜਾਬ ਪੁਲਿਸ ਨੇ ਬੀਤੀ ਸ਼ਾਮ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਰਪ ਪ੍ਰਧਾਨ ਤੇ ਸਿੱਖਜ਼ ਫਾਰ ਜਸਟਿਸ ਦੇ ਮੈਂਬਰ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਰੇਸ਼ਮ ਸਿੰਘ ਨੇ ਅਮਰੀਕਾ ਤੋਂ ਸਰਬੱਤ ਖਾਲਸਾ ਵਿੱਚ ਹਿੱਸਾ ਲੈਣ ਲਈ ਹੀ ਪੰਜਾਬ ਪਹੁੰਚਣਾ ਸੀ। ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਚਾਟੀਵਿੰਡ ਪੁਲਿਸ ਸਟੇਸ਼ਨ ਵਿੱਚ ਪਿਛਲੇ ਸਾਲ ਦਰਜ ਹੋਏ ਇੱਕ ਮਾਮਲੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਵੱਲੋਂ ਦੱਸਣ ਮੁਤਾਬਕ ਪੁਲਿਸ ਵੱਲੋਂ ਹੋਰ ਆਗੂਆਂ ਦੇ ਘਰਾਂ 'ਤੇ ਵੀ ਤੜਕਸਾਰ ਛਾਪੇ ਮਾਰੇ ਜਾ ਰਹੇ ਹਨ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਵੱਖ ਵੱਖ ਅਦਾਲਤਾਂ 'ਚ ਪੇਸ਼ਗੀ ਜ਼ਮਾਨਤਾਂ ਦੀਆਂ ਅਰਜ਼ੀਆਂ BR ਦਾਖ਼ਲ ਕੀਤੀਆਂ ਹਨ। ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਸਰਕਾਰ ਸਰਬੱਤ ਖ਼ਾਲਸਾ 'ਚ ਅੜਿੱਕੇ ਡਾਹ ਰਹੀ ਹੈ ਪਰ ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ। ਹਾਲਾਂਕਿ ਤਲਵੰਡੀ ਸਾਬੋ ਵਿੱਚ ਪ੍ਰਸ਼ਾਸਨ ਨੇ ਆਗੂਆਂ ਨੂੰ ਸਰਬੱਤ ਖਾਲਸਾ ਲਈ ਥਾਂ ਦੀ ਮਨਜ਼ੂਰੀ ਨਹੀਂ ਦਿੱਤੀ। ਆਗੂਆਂ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਥਾਂ ਲੈਣ ਸਬੰਧੀ ਪਟੀਸ਼ਨ ਦਾਖਲ ਕੀਤੀ ਹੈ। ਇਸ 'ਤੇ ਫੈਸਲਾ ਆਉਣਾ ਬਾਕੀ ਹੈ ਤੇ ਸਰਬੱਤ ਖਾਲਸਾ ਦਾ ਇਕੱਠ ਸੱਦੇ ਜਾਣ ਚ ਵੀ ਸਿਰਫ 3 ਦਿਨ ਬਾਕੀ ਹਨ।