ਚੰਡੀਗੜ੍ਹ: ਪੰਜਾਬ ਵਿੱਚ ਸਰਪੰਚੀ ਦੀ ਚੋਣ ਪ੍ਰਧਾਨ ਮੰਤਰੀ ਦੀ ਚੋਣ ਨਾਲ ਵੀ ਵੱਧ ਅਹਿਮ ਹੁੰਦੀ ਹੈ। ਸਰਪੰਚੀ ਲਈ ਲੱਖਾਂ ਰੁਪਏ ਖਰਚਣ ਤੋਂ ਲੈ ਕੇ ਕਤਲ ਤੱਕ ਹੋ ਜਾਂਦੇ ਹਨ। ਕੋਈ ਵਿਵਾਦ ਹੋਣ 'ਤੇ ਕਚਹਿਰੀਆਂ 'ਚ ਮੁਕੱਦਮੇ ਵੀ ਚੱਲ਼ਦੇ ਹਨ। ਜੇਕਰ ਕੋਈ ਕਰੀਬ ਸਵਾ ਸਾਲ ਬਾਅਦ ਕੇਸ ਜਿੱਤ ਕੇ ਸਰਪੰਚ ਬਣ ਜਾਏ ਤਾਂ ਉਸ ਲਈ ਸ਼ਾਇਦ ਮਾਊਂਟ ਐਵਰੈਸਟ ਸਰ ਕਰਨ ਨਾਲੋਂ ਘੱਟ ਨਹੀਂ ਹੋਏਗਾ।

ਦਰਅਸਲ ਤਰਨ ਤਾਰਨ ਦੇ ਪਿੰਡ ਨੌਸ਼ਿਹਰਾ (ਢਾਲਾ) ਦੀ ਕਰੀਬ ਸਵਾ ਸਾਲ ਪਹਿਲਾਂ ਹੋਈ ਪੰਚਾਇਤੀ ਚੋਣ ਵਿੱਚ 36 ਵੋਟਾਂ ਦੇ ਫਰਕ ਨਾਲ ਸਰਪੰਚ ਦੇ ਅਹੁਦੇ ਦੀ ਚੋਣ ਹਾਰਿਆ ਉਮੀਦਵਾਰ ਆਖਰ ਜਿੱਤ ਗਿਆ। ਅਦਾਲਤ ਦੇ ਹੁਕਮਾਂ ’ਤੇ ਵੋਟਾਂ ਦੀ ਦੁਬਾਰਾ ਹੋਈ ਗਿਣਤੀ ਵਿੱਚ ਉਸ ਨੂੰ 42 ਵੋਟਾਂ ਵੱਧ ਮਿਲ ਗਈਆਂ। ਉਂਝ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਇਸ ਨਤੀਜੇ ਦਾ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹਾਸਲ ਜਾਣਕਾਰੀ ਅਨੁਸਾਰ ਇਸ ਚੋਣ ਵਿੱਚ ਉਸ ਵੇਲੇ ਪੰਚਾਇਤ ਦੀ ਹੋਈ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਕੇਹਰ ਸਿੰਘ ਨੇ ਸਰਪੰਚ ਦੇ ਅਹੁਦੇ ਲਈ ਆਪਣੇ ਵਿਰੋਧੀ ਉਮੀਦਵਾਰ ਜਗਬੀਰ ਸਿੰਘ ਟਿੰਮੀ ਨੂੰ 36 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਜਗਬੀਰ ਸਿੰਘ ਨੇ ਕੁਝ ਚਿਰ ਪਹਿਲਾਂ ਇਸ ਨਤੀਜੇ ਨੂੰ ਐਸਡੀਐਮ ਦੀ ਅਦਾਲਤ ਵਿੱਚ ਕੇਸ ਦਾਇਰ ਕਰਵਾ ਕੇ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਸੀ।

ਐਸਡੀਐਮ ਰਜਨੀਸ਼ ਅਰੋੜਾ ਦੀ ਅਦਾਲਤ ਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਜਗਬੀਰ ਸਿੰਘ ਟਿੰਮੀ ਨੇ ਦੱਸਿਆ ਕਿ ਉਹ 42 ਵੋਟਾਂ ਦੇ ਅੰਤਰ ਨਾਲ ਜੇਤੂ ਰਿਹਾ ਹੈ। ਉਸ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਮੱਥਾ ਵੀ ਟੇਕਿਆ। ਉਂਝ ਕੇਹਰ ਸਿੰਘ ਨੇ ਇਸ ਕਾਰਵਾਈ ਵਿੱਚ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ।