ਚੰਡੀਗੜ੍ਹ: ਪੰਜਾਬ ਸਰਕਾਰ ਸਤਿੰਦਰ ਸੱਤੀ 'ਤੇ ਮਿਹਰਬਾਨ ਹੋਈ ਹੈ। ਗਾਇਕਾ ਤੇ ਟੀ.ਵੀ. ਐਂਕਰ ਸਤਿੰਦਰ ਸੱਤੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਚੁਣੀ ਗਈ ਹੈ। ਸੱਤੀ ਦੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਨੇੜਤਾ ਮੰਨੀ ਜਾਂਦੀ ਹੈ। ਸੂਤਰਾਂ ਮੁਤਾਬਕ ਇਸ ਗੱਲ਼ ਦਾ ਹੀ ਉਨ੍ਹਾਂ ਨੂੰ ਲਾਹਾ ਮਿਲਿਆ ਹੈ। ਉਂਜ ਸੱਤਾ ਦਾ ਕਲਾ ਤੇ ਸਾਹਿਤ ਨਾਲ ਕੋਈ ਖਾਸ ਵਾਸਤਾ ਨਹੀਂ ਹੈ।
ਸੱਤੀ ਤੋਂ ਇਲਾਵਾ ਪੰਜਾਬੀ ਦੇ ਲੇਖਕ ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ ਇੰਜਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਉਪ ਚੇਅਰਮੈਨ ਐਲਾਨਿਆ ਗਿਆ ਹੈ। ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਬਾਡੀ ਵੱਲੋਂ ਸੈਕਟਰ-16 ਦੇ ਕਲਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਲਈ ਐਸ.ਐਸ. ਵਿਰਦੀ, ਸਤਿੰਦਰ ਸੱਤੀ ਤੇ ਲਖਵਿੰਦਰ ਜੌਹਲ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ।
ਕਾਬਲੇਗੌਰ ਹੈ ਕਿ ਸੱਤੀ ਦੇ ਨਾਂ 'ਤੇ ਵਿਵਾਦ ਵੀ ਛਿੜਿਆ ਰਿਹਾ ਹੈ। ਸਾਹਿਤ, ਕਲਾ ਤੇ ਸੰਗੀਤ ਨਾਲ ਜੁੜੇ ਵਿਦਵਾਨਾਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਸ਼ਦ ਦੇ ਪਿਛੋਕੜ ਨੂੰ ਵੇਖਦਿਆਂ ਕੱਦਾਵਰ ਵਿਅਕਤੀਆਂ ਨੂੰ ਇਹ ਅਹੁਦੇ ਦੇਣੇ ਚਾਹੀਦੇ ਹਨ ਤਾਂ ਜੋ ਕਲਾਕਾਰਾਂ ਦੇ ਮੱਕੇ ਵੱਜੋਂ ਜਾਣੀ ਜਾਂਦੀ ਇਸ ਸੰਸਥਾ ਦੀ ਮਾਣ ਮਰਿਆਦਾ, ਵਕਾਰ ਤੇ ਰੁਤਬੇ ਨੂੰ ਸੱਟ ਨਾ ਵੱਜੇ।