ਚੰਡੀਗੜ੍ਹ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਦਾ ਮਾਮਲਾ ਪੰਜਾਬ ਸਰਕਾਰ ਲਈ ਸਿਰ ਦਰਦੀ ਬਣਦਾ ਜਾ ਰਿਹਾ ਹੈ। ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਵੱਲੋਂ ਇੱਸ ਮਾਮਲੇ 'ਤੇ ਪੰਜਾਬ ਸਰਕਾਰ ਤੇ ਪੁਲਿਸ ਦੇ ਡੀਜੀਪੀ ਨੂੰ ਮੁੜ ਤਲਬ ਕੀਤਾ ਗਿਆ ਹੈ। SC ਕਮਿਸ਼ਨ ਨੇ ਪੰਜਾਬ ਦੇ ਚੀਫ਼ ਸੈਕਟਰੀ, ਡੀਜੀਪੀ ਗੌਰਵ ਯਾਦਵ ਤੇ ਡੀਆਈਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਨੂੰ ਸੰਮਨ ਜਾਰੀ ਕਰ ਦਿੱਤੇ ਹਨ। SC ਕਮਿਸ਼ਨ ਨੇ ਇਹਨਾਂ ਤਿੰਨਾਂ ਨੂੰ 31 ਜੁਲਾਈ ਸਵੇਰੇ 11 ਵਜੇ ਲਈ ਤਲਬ ਕੀਤਾ ਹੈ।
ਇਸ ਦੌਰਾਨ SC ਕਮਿਸ਼ਨ ਨੇ ਅਧਿਕਾਰੀਆਂ ਨੂੰ ਵੀਡੀਓ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਤਾਜ਼ਾ ਰਿਪੋਰਟ ਅਤੇ ਕੇਸ ਡਾਇਰੀਆਂ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉੱਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਵਿੱਚ ਕਾਰਵਾਈ ਰਿਪੋਰਟ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਨੂੰ ਸੌਂਪਣ ਤੋਂ ਕਰੀਬ ਦੋ ਹਫ਼ਤਿਆਂ ਬਾਅਦ ਕਮਿਸ਼ਨ ਨੇ ਪੰਜਾਬ ਦੇ ਤਿੰਨ ਅਧਿਕਾਰੀਆਂ ਨੂੰ ਤਬਲ ਕੀਤਾ ਹੈ। ਡੀਆਈਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਨੇ SC ਕਮਿਸ਼ਨ ਨੁੰ 12 ਜੂਨ ਨੁੰ ਕਾਰਵਾਈ ਰਿਪੋਰਟ ਸੌਂਪੀ ਸੀ।
5 ਜੂਨ ਨੂੰ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਵੀਡੀਓ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਸੀ। ਜਦੋਂ ਪੀੜਤ ਲੜਕੇ ਕੇਸ਼ਵ ਕੁਮਾਰ ਨੇ ਆਪਣੇ ਬਿਆਨ ਬਦਲ ਦਿੱਤੇ ਸਨ। 5 ਜੂਨ ਨੂੰ ਪੀੜਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੈ। ਲਿਖਤੀ ਅਤੇ ਵੀਡੀਓ ਬਿਆਨ ਸਾਹਮਣੇ ਆਉਣ ਤੋਂ ਵਿਸ਼ੇਸ਼ੇ ਜਾਂਚ ਟੀਮ ਨੇ ਪੀੜਤ ਕੇਸ਼ਵ ਨੂੰ ਨਿੱਜੀ ਤੌਰ 'ਤੇ ਪੇਸ਼ ਹੁਣ ਲਈ ਹੁਕਮ ਜਾਰੀ ਕੀਤੇ ਸਨ ਤਾਂ ਉਸ ਨੇ ਸਿੱਟ ਤੋਂ 10 ਜੂਨ ਦਾ ਸਮਾਂ ਲਿਆ ਸੀ।
ਇਸ ਦੇ ਨਾਲ ਹੀ ਜੋ ਜਾਣਕਾਰੀ ਮਿਲੀ ਹੈ ਕਿ ਪੀੜਤ ਨੇ 8 ਜੂਨ ਨੂੰ ਹੀ ਸਿੱਟ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫ਼ੀ ਵੀ ਕਰਵਾਈ ਅਤੇ ਪੀੜਤ ਨੇ ਹਿੰਦੀ ਭਾਸ਼ਾ ਵਿੱਚ ਲਿਖ ਕੇ ਦਿੱਤਾ ਕਿ ਇਸ ਮਾਮਲੇ ਵਿੱਚ ਕੋਈ ਵੀ ਐਕਸ਼ਨ ਨਾ ਲਿਆ ਜਾਵੇ।