School Closed: ਪੰਜਾਬ ਵਿੱਚ ਗਰਮੀ ਨੇ ਲੋਕਾਂ ਦਾ ਬੂਰਾ ਹਾਲ ਕੀਤਾ ਹੋਇਆ ਹੈ, ਜਿਸ ਕਰਕੇ ਘਰ ਤੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਅਸਮਾਨ ਤੋਂ ਵਰ੍ਹ ਰਹੀ ਅੱਗ ਕਰਕੇ ਪੰਜਾਬ ਸਰਕਾਰ ਨੇ ਇਸ ਵਾਰ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ 21 ਮਈ ਤੋਂ ਕਰਨ ਦਾ ਫ਼ੈਸਲਾ ਲਿਆ ਹੈ।


ਮੌਸਮ ਵਿਭਾਗ ਵੱਲੋਂ ਤਿੱਖੀ ਗਰਮੀ ਦੀ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਸਿੱਖਿਆ ਵਿਭਾਗ ਤੁਰੰਤ ਹਰਕਤ 'ਚ ਆਇਆ। ਸਿੱਖਿਆ ਵਿਭਾਗ ਦੇ ਸਕੱਤਰ ਨੇ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।


ਆਂਗਨਵਾੜੀ ਕੇਂਦਰਾਂ 'ਚ ਵੀ ਕਰ ਦਿੱਤੀਆਂ ਛੁੱਟੀਆਂ








ਉਧਰ ਆਂਗਨਵਾੜੀ ਕੇਂਦਰਾਂ 'ਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਗਰਮੀ ਦੀਆਂ ਇਨ੍ਹਾਂ ਛੁੱਟੀਆਂ ਦੌਰਾਨ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਸਬੰਧਤ ਅਧਿਕਾਰੀ ਤੇ ਕਰਮਚਾਰੀ ਚੋਣਾਂ ਵਿਚ ਲੱਗੀ ਡਿਊਟੀ ਨਿਭਾਉਣਾ ਯਕੀਨੀ ਬਣਾਉਣਗੇ।


ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਵਰ੍ਹ ਰਹੀ ਅੱਗ, 48 ਡਿਗਰੀ ਤੋਂ ਪਾਰ ਜਾਏਗਾ ਤਾਪਮਾਨ! ਇਹ ਜ਼ਿਲ੍ਹੇ ਗਰਮੀ ਨਾਲ ਬੇਹਾਲ


ਮੌਸਮ ਵਿਭਾਗ ਨੇ 25 ਮਈ ਤੱਕ ਰੈੱਡ ਅਲਰਟ ਕੀਤਾ ਜਾਰੀ


ਪੰਜਾਬ ਸਰਕਾਰ ਨੇ ਸਕੂਲਾਂ 'ਚ ਪਹਿਲੀ ਜੂਨ ਤੋਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਗਰਮੀ ਦਾ ਪ੍ਰਕੋਪ ਵਧਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗੇਤੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਮੌਸਮ ਵਿਭਾਗ ਨੇ 25 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।


ਪੇਪਰ ਚਲਦੇ ਵਿਚਕਾਰ ਕੀਤਾ ਛੁੱਟੀਆਂ ਦਾ ਐਲਾਨ


ਇਹ ਵੀ ਚਰਚਾ ਛਿੜੀ ਹੈ ਕਿ ਸਕੂਲਾਂ ਵਿਚ ਪੇਪਰ ਚੱਲ ਰਹੇ ਸਨ ਪ੍ਰੰਤੂ ਅਚਾਨਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੱਚਿਆਂ ਨੂੰ ਛੁੱਟੀਆਂ ਦਾ ਹੋਮ ਵਰਕ ਵੀ ਨਹੀਂ ਦਿੱਤਾ ਜਾ ਸਕਿਆ ਹੈ। ਇਸੇ ਤਰ੍ਹਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਵੀ ਆਂਗਨਵਾੜੀ ਸੈਂਟਰਾਂ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।


ਵਿਭਾਗ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਛੁੱਟੀਆਂ ਦੌਰਾਨ ਘਰ-ਘਰ ਜਾਣਾ ਯਕੀਨੀ ਬਣਾਉਣ ਅਤੇ ਬੱਚਿਆਂ ਨੂੰ ਰਾਸ਼ਨ ਦੀ ਹੋਮ ਡਲਿਵਰੀ ਦਿੱਤੀ ਜਾਵੇ। ਉਨ੍ਹਾਂ ਨੂੰ ਰੋਜ਼ਾਨਾ ਰਿਪੋਰਟਾਂ ਭੇਜਣ ਲਈ ਵੀ ਕਿਹਾ ਹੈ।


ਇਹ ਵੀ ਪੜ੍ਹੋ: Punjab Farmers: ਸ਼ੰਭੂ ਦੇ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣਗੇ ਕਿਸਾਨ, ਪੰਜਾਬ-ਹਰਿਆਣਾ ਸਰਹੱਦ 'ਤੇ ਰਹਿਣਗੇ ਡਟੇ, ਜਾਣੋ ਕਿਸਾਨਾਂ ਦੀ ਨਵੀਂ ਰਣਨੀਤੀ