Farmers Protest: ਹਰਿਆਣਾ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਇਕ ਮਹੀਨੇ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 17 ਅਪਰੈਲ ਤੋਂ ਰੇਲਵੇ ਸਟੇਸ਼ਨ ’ਤੇ ਜਾਮ ਲਗਾ ਕੇ ਬੈਠੀਆਂ ਹੋਈਆਂ ਹਨ।
ਹਾਲਾਂਕਿ, ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਰੇਲਵੇ ਟ੍ਰੈਕ ਜਾਮ ਹੋਣ ਕਰਕੇ ਰੇਲਵੇ ਵਿਭਾਗ ਨੂੰ ਰੋਜ਼ ਰੇਲਾਂ ਰੱਦ ਕਰਨੀਆਂ ਪੈਂਦੀਆਂ ਸਨ। ਇਸ ਤੋਂ ਇਲਾਵਾ ਕਈ ਰੇਲਾਂ ਦੇ ਰੂਟ ਬਦਲਣੇ ਪੈਂਦੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ 23 ਮਈ ਨੂੰ ਪੰਜਾਬ ਆਉਣਗੇ। ਇਸ ਦੌਰਾਨ ਉਹ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨ ਪ੍ਰਧਾਨ ਮੰਤਰੀ ਦਾ ਘਿਰਾਓ ਕਰਨਗੇ। ਨਰਿੰਦਰ ਮੋਦੀ ਜਿੱਥੇ ਵੀ ਪਹੁੰਚਣਗੇ, ਕਿਸਾਨ ਉਨ੍ਹਾਂ ਦਾ ਵਿਰੋਧ ਕਰਨਗੇ।
ਇਹ ਵੀ ਪੜ੍ਹੋ: Lok Sabha Election 2024: ਪੰਜਾਬ ਆ ਰਹੇ ਪੀਐਮ ਮੋਦੀ! ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਰਣਨੀਤੀ ਘੜਨ ਲਈ ਹੰਗਾਮੀ ਮੀਟਿੰਗ
ਦੱਸ ਦਈਏ ਕਿ ਚੰਡੀਗੜ੍ਹ ਕਿਸਾਨ ਭਵਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਅੰਦੋਲਨ-2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ। ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਲਈ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤਰੀਕ ਨੂੰ ਪਟਿਆਲਾ ਵਿੱਚ ਹੋਣ ਵਾਲੀ ਚੋਣ ਰੈਲੀ ਸਬੰਧੀ ਕਿਸਾਨ ਆਗੂਆਂ ਸੁਖਜੀਤ ਸਿੰਘ ਖਹਿਰਾ ਅਤੇ ਸੁਰਜੀਤ ਫੂਲ ਜੀ ਨੇ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਗੇ। ਪੁੱਛਣਗੇ ਕਿ ਪਿਛਲੇ ਅੰਦੋਲਨ ਵਿੱਚ ਕਿਸਾਨਾਂ ਨਾਲ ਧੋਖਾ ਅਤੇ ਝੂਠ ਕਿਉਂ ਬੋਲਿਆ। ਆਖ਼ਰ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਉਨ੍ਹਾਂ ਨੇ ਵਾਅਦਾ ਕਿਉਂ ਤੋੜਿਆ?
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਬਾਲਾ, ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ 13 ਫਰਵਰੀ ਨੂੰ ਦਿੱਲੀ ਵੱਲ ਵਧਣ ਦਾ ਫੈਸਲਾ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਰਹੱਦ ’ਤੇ ਹੀ ਰੋਕ ਦਿੱਤਾ।
ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਦੀਆਂ ਕਈ ਪਰਤਾਂ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ। ਇਸ ਤੋਂ ਬਾਅਦ ਕਿਸਾਨ ਸਰਹੱਦ 'ਤੇ ਹੀ ਬੈਠ ਗਏ। 21 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ। ਇਸ ਝੜਪ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਾਰਡਰ 'ਤੇ ਕਈ ਕਿਸਾਨ ਅਤੇ ਪੁਲਿਸ ਜਵਾਨ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ: Gurpatwant Pannun: ਗੁਰਪਤਵੰਤ ਪੰਨੂ ਵੱਲੋਂ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ