ਦਰੱਖ਼ਤ ਨਾਲ ਟਕਰਾਈ ਸਕੂਲ ਵੈਨ, ਇੱਕ ਬੱਚੇ ਦੀ ਮੌਤ ਦੋ ਗੰਭੀਰ
ਏਬੀਪੀ ਸਾਂਝਾ | 18 Dec 2018 07:20 PM (IST)
ਗੁਰਦਾਸਪੁਰ: ਬਟਾਲਾ ਨੇੜਲੇ ਪਿੰਡ ਭਾਗੋਵਾਲ ਕੋਲ ਸਕੂਲੀ ਵੈਨ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਅ ਗਈ। ਘਟਨਾ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਬੱਚੇ ਦੀ ਸ਼ਨਾਖ਼ਤ 13 ਸਾਲਾ ਸੁਪਨਪ੍ਰੀਤ ਸਿੰਘ ਵਜੋਂ ਹੋਈ ਹੈ। ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਜੀਵ ਭੱਲਾ ਨੇ ਆਖਿਆ ਕਿ ਬੱਸ ਵਿੱਚ ਸਵਾਰ ਤਿੰਨ ਹੋਰ ਬੱਚੇ ਵੀ ਜ਼ਖ਼ਮੀ ਹਨ, ਜਿਨ੍ਹਾਂ 'ਚੋਂ ਦੋ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ ਹੈ ਤੇ ਇੱਕ ਦਾ ਇਲਾਜ ਬਟਾਲਾ ਦੇ ਹਸਪਤਾਲ ਵਿੱਚ ਹੀ ਜਾਰੀ ਹੈ। ਪੁਲਿਸ ਅਧਿਕਾਰੀ ਏ.ਐਸ. ਕੰਗ ਨੇ ਦੱਸਿਆ ਕਿ ਸੰਤ ਬਾਬਾ ਹਜਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਸਕੂਲ ਵੈਨ ਸੀ ਅਤੇ ਛੁੱਟੀ ਉਪਰੰਤ ਵਿਦਿਆਰਥੀਆਂ ਨੂੰ ਘਰੋ-ਘਰੀ ਛੱਡਣ ਜਾ ਰਹੀ ਸੀ। ਪਿੰਡ ਭਾਗੋਵਾਲ ਕੋਲ ਆ ਕੇ ਡਰਾਈਵਰ ਕੋਲੋਂ ਗੱਡੀ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਗਈ।