ਬਰਨਾਲਾ: ਪੰਚਾਇਤੀ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਤੇ ਰੋਜ਼ ਕਿਸੇ ਨਾ ਕਿਸੇ ਨਸ਼ੇ ਦੀ ਵੱਡੀ ਖੇਪ ਫੜੀ ਜਾ ਰਹੀ ਹੈ। ਇਹ ਨਸ਼ੇ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਂਦੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਹੈ, ਜਿੱਥੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਗੱਡੀ 'ਚੋਂ 110 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ।


ਜ਼ਿਲ੍ਹੇ ਦੇ ਉਪ ਪੁਲਿਸ ਕਪਤਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲ ਤਪਾ ਨੇੜੇ ਨਾਕੇਬੰਦੀ ਦੌਰਾਨ ਪਿੱਕ-ਅੱਪ ਗੱਡੀ ਵਿੱਚੋਂ ਇਹ ਸ਼ਰਾਬ ਫੜੀ ਗਈ ਹੈ। ਸ਼ਰਾਬ ਦੀਆਂ ਸਾਰੀਆਂ ਬੋਤਲਾਂ 'ਤੇ ਹਰਿਆਣਾ ਦਾ ਮਾਅਰਕਾ ਲੱਗਾ ਹੋਇਆ ਹੈ। ਡੀਐਸਪੀ ਮੁਤਾਬਕ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੀ ਸ਼ਰਾਬ ਸਸਤੀ ਹੋਣ ਕਾਰਨ ਪੰਜਾਬ ਵਿੱਚ ਅਕਸਰ ਹੀ ਤਸਕਰੀ ਕਰ ਲਿਆਂਦੀ ਜਾਂਦੀ ਹੈ। ਚੋਣਾਂ ਦੌਰਾਨ ਤਸਕਰੀ ਦੀਆਂ ਇਹ ਘਟਨਾਵਾਂ ਹੋਰ ਵੀ ਆਮ ਹੋ ਜਾਂਦੀਆਂ ਹਨ। ਸਰਕਾਰ ਨੇ ਕਈ ਵਾਰ ਗੁਆਂਢੀ ਸੂਬੇ ਨਾਲ ਰਾਬਤਾ ਕਰਕੇ ਸ਼ਰਾਬ 'ਤੇ ਲੱਗਣ ਵਾਲੇ ਟੈਕਸ ਬਰਾਬਰ ਕਰਨ ਦੀ ਅਪੀਲ ਵੀ ਕੀਤੀ ਹੈ ਪਰ ਉਹ ਹਾਲੇ ਤਕ ਸਿਰੇ ਨਹੀਂ ਚੜ੍ਹੀ।