ਡੇਰੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ, ਵੱਡੀ ਮਾਤਰਾ 'ਚ ਕੈਸ਼, ਕੰਪਿਊਟਰ ਤੇ ਕਈ ਕਮਰੇ ਸੀਲ
ਏਬੀਪੀ ਸਾਂਝਾ | 08 Sep 2017 11:32 AM (IST)
ਸਿਰਸਾ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਹੈੱਡਕੁਆਟਰ ਦੀ ਤਲਾਸ਼ੀ ਮੁਹਿੰਮ ਸ਼ੁਰੂ ਹੋ ਗਈ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਇਸ ਮੁਹਿੰਮ ਵਿੱਚ ਹੁਣ ਤਕ ਡੇਰੇ ਵਿੱਚੋਂ ਕਈ ਲੈਪਟੌਪ, ਕੰਪਿਊਟਰ ਤੇ ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਡੇਰੇ ਵਿੱਚੋਂ ਨਕਦ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ, ਉਹ ਇਹ ਸਾਫ਼ ਨਹੀਂ ਕਰ ਸਕੇ ਕਿ ਕਿੰਨੀ ਰਕਮ ਬਰਾਮਦ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਰਕਮ ਵੱਡੀ ਹੀ ਹੋਵੇਗੀ ਜੋ ਫੋਰੈਂਸਿਕ ਟੀਮ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੇਰੇ ਦੇ ਕਈ ਕਮਰਿਆਂ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਡੇਰੇ ਵਿੱਚ ਮਨੁੱਖੀ ਪਿੰਜਰ ਦੱਬੇ ਹੋਣ ਦਾ ਖ਼ਦਸ਼ਾ ਹੈ, ਇਸ ਲਈ ਕਈ ਧਰਤੀ-ਪੁੱਟ (ਜੇ.ਸੀ.ਬੀ.) ਮਸ਼ੀਨਾਂ ਡੇਰੇ ਅੰਦਰ ਗਈਆਂ ਹਨ। ਇੱਥੇ ਦਿਲਚਸਪ ਗੱਲ ਇਹ ਹੈ ਡੇਰੇ ਦੇ ਅਖ਼ਬਾਰ ਸੱਚ ਕਹੂੰ ਨੇ ਡੇਰੇ ਵਿੱਚ ਮਨੁੱਖੀ ਪਿੰਜਰ ਦੱਬੇ ਹੋਣ ਦੀ ਗੱਲ ਨੂੰ ਕਬੂਲਿਆ ਹੈ। ਇਸ ਬਾਰੇ ਛਪੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਜਿਸ ਡੇਰਾ ਪ੍ਰੇਮੀ ਦੀ ਸ਼ਰਧਾ ਹੁੰਦੀ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਡੇਰੇ ਵਿੱਚ ਹੀ ਦਫਨਾ ਦਿੱਤਾ ਜਾਂਦਾ ਤੇ ਉੱਤੇ ਦਰਖਤ ਲਗਾ ਦਿੱਤਾ ਜਾਂਦਾ ਸੀ। ਡੇਰੇ ਵਿੱਚ ਕਈ ਜਿੰਦਰੇ ਤੋੜਨ ਵਾਲੇ ਬੰਦਿਆਂ ਨੂੰ ਵੀ ਲਿਜਾਇਆ ਗਿਆ ਹੈ, ਜਿਸ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਇਸ ਤਲਾਸ਼ੀ ਮੁਹਿੰਮ ਵਿੱਚ ਡੇਰੇ ਦੇ ਕੋਨੇ-ਕੋਨੇ ਨੂੰ ਖੰਘਾਲਿਆ ਜਾਵੇਗਾ। ਡੇਰੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਦੀ ਤਲਾਸ਼ੀ ਦੇ ਹੁਕਮ ਦਿੱਤੇ ਸਨ। ਇਹ ਤਲਾਸ਼ੀ ਰਿਟਾਇਰ ਜੱਜ ਅਨਿਲ ਕੁਮਾਰ ਸਿੰਘ ਪਵਾਰ ਦੀ ਅਗਵਾਈ ਹੇਠ ਜਾਰੀ ਹੈ। ਹਾਈਕੋਰਟ ਦੇ ਹੁਕਮਾਂ ਮੁਤਾਬਕ ਪੈਰਾ ਮਿਲਟਰੀ ਫੋਰਸ ਤੇ ਪੁਲਿਸ ਡੇਰੇ ਦੀ ਤਲਾਸ਼ੀ ਲੈ ਰਹੀ ਹੈ। ਕਾਬਲੇਗੌਰ ਹੈ ਕਿ ਹਰਿਆਣਾ ਸਰਕਾਰ ਨੇ ਡੇਰੇ ਦੀ ਤਲਾਸ਼ੀ ਲਈ ਹਾਈਕੋਰਟ ‘ਚ ਪਟੀਸ਼ਨ ਪਾਈ ਸੀ। ਇਸ ਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ ਸੀ। ਹਰਿਆਣਾ ‘ਚ ਮੌਜੂਦ 134 ਡੇਰਿਆਂ ‘ਚੋਂ 133 ਸੀਲ ਕੀਤੇ ਜਾ ਚੁੱਕੇ। ਸਿਰਸਾ ਡੇਰਾ ਵੱਡਾ ਹੋਣ ਕਾਰਨ ਹਰਿਆਣਾ ਸਰਕਾਰ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਤਲਾਸ਼ੀ ਕਰਵਾਉਣ ਦੀ ਮੰਗ ਕੀਤੀ ਸੀ।