ਡੇਰਾ ਸਿਰਸਾ ਵਿਵਾਦ: ਭਲਕੇ ਇਨ੍ਹਾਂ ਥਾਵਾਂ ਦੇ ਹੀ ਸਕੂਲ-ਕਾਲਜ ਰਹਿਣਗੇ ਬੰਦ
ਏਬੀਪੀ ਸਾਂਝਾ | 27 Aug 2017 08:25 PM (IST)
ਚੰਡੀਗੜ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਵਿੱਚ ਹਾਲਾਤ ਤਨਾਅ ਭਰੇ ਹਨ। ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਸੀ.ਬੀ.ਆਈ. ਅਦਾਲਤ ਦੇ ਜੱਜ ਭਲਕੇ 50 ਸਾਲ ਦੇ ਰਾਮ ਰਹੀਮ ਖਿਲਾਫ਼ ਸਜ਼ਾ ਦਾ ਐਲਾਨ ਕਰਨਗੇ। ਇਸ ਕਾਰਨ ਹਰਿਆਣਾ ਵਿੱਚ ਸਰਕਾਰੀ ਅਤੇ ਨਿਜੀ ਸਕੂਲ, ਕਾਲਜਾਂ ਸਮੇਤ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਪੰਜਾਬ ਦੇ ਮਾਲਵੇ ਖਿੱਤੇ ਦੇ 13 ਜ਼ਿਲ੍ਹੇ ਬਰਨਾਲਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ , ਫਾਜਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਮੋਹਾਲੀ, ਮੁਕਤਸਰ, ਪਟਿਆਲਾ ਅਤੇ ਸੰਗਰੂਰ ਵਿੱਚ ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਬਾਕੀ ਪੰਜਾਬ ਦੇ ਵਿੱਦਿਅਕ ਅਦਾਰੇ ਆਮ ਵਾਂਗ ਲੱਗਣਗੇ। ਇਸ ਤੋਂ ਇਲਾਵਾ ਦਿੱਲੀ, ਗ਼ਾਜ਼ੀਆਬਾਦ ਤੇ ਨੋਇਡਾ ਦੇ ਸਾਰੇ ਵਿੱਦਿਅਕ ਅਦਾਰੇ ਖੁੱਲ੍ਹਣਗੇ ਤੇ ਸਰਕਾਰੀ ਦਫ਼ਤਰਾਂ ਵਿੱਚ ਕਿਤੇ ਵੀ ਛੁੱਟੀ ਨਹੀਂ ਹੈ। ਅਫ਼ਵਾਹਾਂ ਫੈਲਣ ਦੇ ਖ਼ਦਸ਼ੇ ਤੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਮੰਗਲਵਾਰ ਤੱਕ ਬੰਦ ਕਰਨ ਦਾ ਐਲਾਨ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ ਵਿੱਚ ਹੋਈ ਹਿੰਸਾ ਵਿੱਚ 38 ਲੋਕਾਂ ਦੀ ਮੌਤ ਹੋ ਗਈ। ਇਸੇ ਕਾਰਨ ਦੋਵੇਂ ਸੂਬੇ ਹਾਈ ਅਲਰਟ 'ਤੇ ਹਨ। ਇਸ ਤੋਂ ਇਲਾਵਾ ਕੁਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਰਫਿਊ ਵੀ ਲਗਾਇਆ ਗਿਆ ਹੈ।