ਮੁਕਤਸਰ: ਡੇਰਾ ਸਿਰਸਾ ਦੀ ਕਥਿਤ ਅਹਿੰਸਾਵਾਦੀ ਚੇਲਿਆਂ ਵੱਲੋਂ ਕੀਤੀ ਪ੍ਰਤੱਖ ਹਿੰਸਾ ਵਿੱਚ ਕਈ ਘਰਾਂ ਦੇ ਚਿਰਾਗ ਬੁੱਝ ਗਏ। ਇਨ੍ਹਾਂ ਲੋਕਾਂ ਵਿੱਚ ਸ਼ਾਮਲ ਮੁਕਤਸਰ ਦੇ ਪਿੰਡ ਥਹੇੜੀ ਦਾ ਲਵਪ੍ਰੀਤ ਦੀ ਪੰਚਕੂਲਾ ਹਿੰਸਾ ਵਿੱਚ ਮੌਤ ਹੋ ਗਈ। ਲਵਪ੍ਰੀਤ ਦੇ ਘਰ ਸੱਥਰ ਵਿੱਛ ਗਏ। ਦਰਅਸਲ, ਲਵਪ੍ਰੀਤ ਨਾ ਤਾਂ ਡੇਰਾ ਪ੍ਰੇਮੀ ਸੀ ਤੇ ਨਾ ਹੀ ਉਹ ਕਦੇ ਡੇਰੇ ਵਿੱਚ ਗਿਆ ਸੀ। ਉਹ ਬੀਤੇ ਦਿਨੀਂ ਆਪਣੀ ਭੂਆ ਕੋਲ ਗੰਗਾਨਗਰ ਗਿਆ ਹੋਇਆ ਸੀ। ਉਸ ਦਿਨ ਉਸ ਦੀ ਭੂਆ ਤੇ ਫੁੱਫੜ ਘਰ ਨਹੀਂ ਸੀ ਤਾਂ ਉੱਥੋਂ ਹੋਰ ਦੋਸਤਾਂ ਨਾਲ ਪੰਚਕੂਲਾ ਚਲਿਆ ਗਿਆ। ਰਾਮ ਰਹੀਮ ਨੂੰ ਜਿਸ ਦਿਨ ਅਦਾਲਤ ਨੇ ਬਲਾਤਕਾਰੀ ਕਰਾਰ ਦੇ ਦਿੱਤਾ ਤਾਂ ਹਿੰਸਕ ਗੁੰਡਿਆਂ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਗੋਲੀ ਦੀ ਵਰਤੋਂ ਕੀਤੀ। ਅਜਿਹੀ ਹੀ ਇੱਕ ਗੋਲੀ ਲਵਪ੍ਰੀਤ ਦੀ ਛਾਤੀ ਚੀਰਦੀ ਹੋਈ ਲੰਘ ਗਈ ਲਵਪ੍ਰੀਤ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ, ਡੇਰੇ ਮੁਖੀ ਜਾਂ ਸਰਕਾਰ ਦੀ ਢਿੱਲ..? ਮ੍ਰਿਤਕ ਲਵਪ੍ਰੀਤ ਦੀ ਭੂਆ ਦਾ ਕਹਿਣਾ ਹੈ ਕਿ ਉਹ ਪਹਿਲਾਂ ਡੇਰੇ ਦੀ ਸਮਰਥਕ ਸੀ ਪਰ ਜਦੋਂ ਤੋਂ ਰਾਮ ਰਹੀਮ 'ਤੇ ਬਲਾਤਕਾਰ ਦੇ ਦੋਸ਼ ਲੱਗੇ ਉਦੋਂ ਤੋਂ ਸੱਚਾਈ ਜਾਣ ਦੇ ਉਹ ਬਹੁਤ ਉਦਾਸ ਹੈ। ਲਵਪ੍ਰੀਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ 16 ਸਾਲ ਦੇ ਪੁੱਤਰ ਦੇ ਨਾਲ ਹੋਰ ਜਿੰਨੇ ਲੋਕ ਮਾਰੇ ਗਏ, ਸਭ ਦੀ ਮੌਤ ਦਾ ਜ਼ਿੰਮੇਵਾਰ ਡੇਰਾ ਮੁਖੀ ਹੈ। ਉਸ ਨੂੰ ਸਾਰਿਆਂ ਦੀ ਸਜ਼ਾ ਮਿਲੇ ਤਾਂ ਕਿ ਕੋਈ ਹੋਰ ਅਜਿਹਾ ਬਾਬਾ ਪੈਦਾ ਹੋਣ ਤੋਂ ਪਹਿਲਾਂ ਹੀ ਸਿੱਖਿਆ ਲੈ ਲਵੇ।