ਚੰਡੀਗੜ੍ਹ: ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਲਈ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਧਾਨ ਸਭਾ ਵਿੱਚ ਬਾਦਲਾਂ ਵਿਰੁੱਧ ਉੱਠੇ ਇਲਜ਼ਾਮਾਂ ਦੇ ਹੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ ਇਜਲਾਸ ਦੌਰਾਨ ਤੇ ਇਸ ਤੋਂ ਪਹਿਲਾਂ ਅਕਾਲੀ ਜਿਸ ਰਣਜੀਤ ਸਿੰਘ ਰਿਪੋਰਟ ਦਾ ਖੰਡਨ ਕਰਦੇ ਰਹੇ ਹਨ, ਹੁਣ ਸੀਨੀਅਰ ਆਗੂਆਂ ਨੇ ਉਸੇ ਰਿਪੋਰਟ ਨੂੰ ਮੰਨਣ ਦੀ ਦੁਹਾਈ ਪਾਈ ਹੈ।


ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਕਿਧਰੇ ਵੀ ਨਾਂ ਨਹੀਂ ਆਇਆ। ਢੀਂਡਸਾ ਨੇ ਸੀਨੀਅਰ ਅਕਾਲੀ ਆਗੂ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ ਤੇ ਬਲਵਿੰਦਰ ਸਿੰਘ ਭੂੰਦੜ ਨਾਲ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਿਪੋਰਟ ਵਿੱਚ ਸੀਬੀਆਈ ਵੱਲੋਂ ਮਾਮਲਿਆਂ ਦੀ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ। ਹੁਣ ਸਰਕਾਰ ਪੰਜਾਬ ਪੁਲਿਸ ਵੱਲੋਂ ਜਾਂਚ ਕਰਵਾਉਣ ਦੀ ਗੱਲ ਕਹਿ ਰਹੀ ਹੈ।

ਪ੍ਰੈੱਸ ਕਾਨਫ਼ਰੰਸ ਵਿੱਚ ਅਕਾਲੀ ਲੀਡਰਾਂ ਨੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਲੀਡਰਾਂ ਨੇ ਕਿਹਾ ਕਿ ਉਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪਿੰਡ-ਪਿੰਡ ਵੰਡੇਗੀ ਤਾਂ ਜੋ ਲੋਕਾਂ ਨੂੰ ਸੱਚ ਦਾ ਪਤਾ ਲੱਗ ਸਕੇ।

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੱਲੋਂ ਬਦਮਾਸ਼ ਕਹਿਣਾ ਬਹੁਤ ਗ਼ਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਸਿਰ 'ਤੇ ਹਨ। ਇਸੇ ਦੌਰਾਨ ਕਾਂਗਰਸ ਸੋਚੀ ਸਮਝੀ ਸਾਜਿਸ਼ ਤਹਿਤ ਅਕਾਲੀ ਦਲ ਨੂੰ 'ਐਂਟੀ ਪੰਥਕ' ਗਰਦਾਨ ਦੇਣ ਵਿੱਚ ਰੁੱਝੀ ਹੋਈ ਹੈ।

ਸਾਬਕਾ ਮੰਤਰੀ ਤੇ ਸ਼ਾਹਕੋਟ ਤੋਂ ਵਿਧਾਇਕ ਤੋਤਾ ਸਿੰਘ ਨੇ ਬੇਅਦਬੀ ਮਾਮਲਿਆਂ ਦਾ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਅਕਾਲੀ ਦਲ ਦੀ ਗੁਰਮੀਤ ਰਾਮ ਰਹੀਮ ਨਾਲ ਹੋਈ ਕਥਿਤ ਮੀਟਿੰਗ ਨੂੰ ਸਾਬਤ ਕਰਨ ਦੀ ਚੁਨੌਤੀ ਦਿੱਤੀ। ਤੋਤਾ ਸਿੰਘ ਨੇ ਕਿਹਾ ਕਿ ਸਿਰਸੇ ਵਾਲਾ ਕੇਂਦਰ ਵਿੱਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਸੂਬੇ ਵਿੱਚ ਵੀ ਉਸ ਦੀ ਮਦਦ ਕਰਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਜਿਵੇਂ ਬਰਗਾੜੀ ਕਾਂਡ 'ਚ ਮਾਰੇ ਦੋ ਸਿੰਘਾਂ ਨੂੰ ਕਾਂਗਰਸ ਸਰਕਾਰ ਨੇ 1-1 ਕਰੋੜ ਰੁਪਏ ਦੀ ਮਦਦ ਕੀਤੀ ਗਈ, ਕੀ 1984 ਵਿੱਚ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਕਰੋੜ-ਕਰੋੜ ਦੇ ਕੇ ਮਦਦ ਕਰੇਗੀ।