ਅੰਮ੍ਰਿਤਸਰ:  ਭਾਰਤ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਵਾਲੇ ਹਾਲਾਤਾਂ ਦਰਮਿਆਨ ਸਰਕਾਰ ਦੇ ਹੁਕਮਾਂ ਮੁਤਾਬਕ ਸਰਹੱਦ ਦੇ ਨਾਲ ਲੱਗਦੇ ਤਕਰੀਬਨ 1000 ਪਿੰਡ ਖਾਲੀ ਹੋ ਗਏ ਨੇ। ਇੱਥੋਂ ਦੇ ਬਾਸ਼ਿੰਦੇ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ। ਇਸ ਦਰਮਿਆਨ SGPC ਪ੍ਰਧਾਨ ਅਵਤਾਰ ਸਿੰਘ ਨੇ ਆਪਣੇ ਘਰਾਂ ਨੂੰ ਛੱਡਣ ਵਾਲੇ ਸਾਰੇ ਲੋਕਾਂ ਨੂੰ ਗੁਰੂ ਘਰਾਂ 'ਚ ਪਨਾਹ ਲੈਣ ਦਾ ਸੱਦਾ ਦਿੱਤਾ ਹੈ ਜਿੱਥੇ ਉਨਾਂ ਦੇ ਲੰਗਰ ਤੋਂ ਲੈ ਕੇ ਹਰ ਲੋੜੀਂਦੀ ਸਹੂਲਤ ਦਾ SGPC ਪ੍ਰਬੰਧ ਕਰੇਗੀ।

SGPC ਵੱਲੋਂ ਸਾਰੇ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਅਜਿਹੇ ਮੁਸ਼ਕਿਲ ਹਾਲਾਤਾਂ 'ਚ ਲੋਕਾਂ ਦੀ ਹਰ ਮਦਦ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਜਿਸਤੋਂ ਬਾਅਦ ਬਹੁਤ ਸਾਰੇ ਪਰਿਵਾਰ ਗੁਰੂ ਘਰਾਂ 'ਚ ਸ਼ਰਨ ਲੈ ਵੀ ਚੁੱਕੇ ਨੇ ਇਸ ਦੇ ਨਾਲ ਹੀ SGPC  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੀ ਚੌਕਸ ਹੋ ਗਈ ਹੈ। ਜਿਹੜੇ ਇਲਾਕੇ ਖਾਲੀ ਕਰਵਾਏ ਗਏ ਨੇ ਉਨਾਂ ਪਿੰਡਾਂ ਦੇ ਗੁਰੂ ਘਰਾਂ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਜੋ ਇਸ ਕਾਰਜ 'ਚ ਜੁਟ ਗਏ ਨੇ।