ਅੰਮ੍ਰਿਤਸਰ: ਵਿਦੇਸ਼ਾਂ ਅੰਦਰ ਪਛਾਣ ਦੀ ਦੁਬਿਧਾ ਕਾਰਨ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਵਿਸ਼ੇਸ਼ ਦਸਤਾਵੇਜ਼ ਅੱਜ ਜਾਰੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਵਿੱਚ ਸਿੱਖ ਧਰਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਇਲਾਵਾ ਸਿੱਖ ਪਛਾਣ, ਸਿੱਖਾਂ ਦੇ ਵਿਦੇਸ਼ਾਂ ਅੰਦਰ ਵੱਸਣ ਦੇ ਮੁੱਢਲੇ ਦੌਰ ਸਬੰਧੀ ਜਾਣਕਾਰੀ, ਸਿੱਖਾਂ ਦੀਆਂ ਗਲੋਬਲੀ ਪ੍ਰਾਪਤੀਆਂ, ਸਿੱਖਾਂ ਦੀ ਵਿਦੇਸ਼ਾਂ ਅੰਦਰ ਵਰਤਮਾਨ ਹਾਲਤ, ਕਾਰੋਬਾਰ, ਸਿੱਖ ਸਭਿਆਚਾਰ ਦੀ ਅਮੀਰੀ ਤੇ ਸਿੱਖਾਂ ਦੇ ਹੋਰ ਧਰਮਾਂ ਦੇ ਲੋਕਾਂ ਨਾਲ ਭਰਾਤਰੀ ਸਬੰਧਾਂ ਦੀ ਰੌਸ਼ਨੀ ਵਿੱਚ ਵਡਮੁੱਲੀ ਜਾਣਕਾਰੀ ਨਸ਼ਰ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਇਸ ਬਾਰੇ ਸਿੱਖ ਬੁੱਧੀਜੀਵੀਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਗਈਆਂ ਇਕੱਤਰਤਾਵਾਂ ਵਿੱਚ ਵਿਚਾਰ-ਵਟਾਂਦਰੇ ਉਪਰੰਤ ਵਿਦਵਾਨਾਂ ਦੀ ਸਬ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵੱਲੋਂ ਵੱਖ-ਵੱਖ ਮੀਟਿੰਗਾਂ ਕਰਕੇ ਇਸ ਕਿਤਾਬਚੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕਿਤਾਬਚਾ ਜਾਰੀ ਕਰਨ ਤੋਂ ਬਾਅਦ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਸੰਜੀਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਹੀ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ, ਸਰਕਾਰਾਂ ਆਦਿ ਤੱਕ ਸਿੱਖਾਂ ਦੀ ਪਛਾਣ ਤੇ ਪ੍ਰਾਪਤੀਆਂ ਪਹੁੰਚਾਉਣ ਲਈ ਇਹ ਦਸਤਾਵੇਜ਼ ਤਿਆਰ ਕਰਵਾਇਆ ਗਿਆ ਹੈ। ਦਸਤਾਵੇਜ਼ ਵਿੱਚ ਦਰਜ ਜਾਣਕਾਰੀ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਪਹਿਲੀ ਸੰਸਾਰ ਜੰਗ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸਿੱਖਾਂ ਦੇ ਇਤਿਹਾਸ ਤੇ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪਹਿਲੀ ਸੰਸਾਰ ਜੰਗ ਵਿਚ ਸਿੱਖ ਫੌਜੀਆਂ ਦੇ ਯੋਗਦਾਨ, 58 ਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਦੀ ਜਨਸੰਖਿਆ ਬਾਰੇ ਜਾਣਕਾਰੀ ਤੇ ਸਿੱਖ ਸਭਿਆਚਾਰ ਤੇ ਸਿੱਖ ਸੰਸਕਾਰਾਂ ਦੀ ਰੌਸ਼ਨੀ ਵਿਚ ਸਿੱਖ ਰਹੁਰੀਤਾਂ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਹੈ।
ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਰਾਜਸੀ, ਸਮਾਜਿਕ, ਵਪਾਰਕ, ਪ੍ਰਸ਼ਾਸਨਿਕ ਅਤੇ ਧਾਰਮਿਕ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਦੇ ਜ਼ਿਕਰ ਨੂੰ ਇਸ ਵਿਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬਚੇ ਵਿਚ ਵਿਦੇਸ਼ਾਂ ਅੰਦਰ ਪੁਰਾਤਨ ਸਮੇਂ ਤੋਂ ਸਿੱਖ ਗੁਰਦੁਆਰਿਆਂ ਦੀ ਸਥਾਪਨਾ ਤੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਲਈ ਪਾਏ ਯੋਗਦਾਨ ਨੂੰ ਵੀ ਦਰਸਾਉਣ ਦਾ ਯਤਨ ਕੀਤਾ ਗਿਆ ਹੈ।