ਚੰਡੀਗੜ੍ਹ : ਸ਼੍ਰੋਮਣੀ ਕਮੇਟੀ 'ਚ ਬੇਨਿਯਮੀਆਂ ਅਤੇ ਘਪਲੇਬਾਜ਼ੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਮੈਂਬਰਾਂ ਦਾ ਇੱਕ ਵਫ਼ਦ ਵਿਸਾਖੀ ਮੌਕੇ 13 ਅਪ੍ਰੈਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਜੀਪੀਸੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ, ਸ: ਹਰਦੇਵ ਸਿੰਘ ਰੋਗਲਾ, ਸ: ਹਰਪ੍ਰੀਤ ਸਿੰਘ ਗਰਚਾ ਅਤੇ ਸ: ਰਾਮਪਾਲ ਸਿੰਘ ਬਹਿਣੀਵਾਲ, ਸ: ਮਲਕੀਤ ਸਿੰਘ ਚੰਗਾਲ, ਸ: ਅਮਰੀਕ ਸਿੰਘ ਸ਼ਾਹਪੁਰ ਅਤੇ ਸ: ਜਗਰਾਜ ਸਿੰਘ ਦੋਧਰ ਨੇ ਦੱਸਿਆ ਕਿ ਵਿਸਾਖੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਐੱਸਜੀਪੀਸੀ ਮੈਂਬਰਾਂ ਵੱਲੋਂ ਸੌਂਪੇ ਜਾਣ ਵਾਲੇ ਮੰਗ ਪੱਤਰ ਵਿੱਚ ਮੁੱਖ ਤੌਰ 'ਤੇ ਐੱਸਜੀਪੀਸੀ ਨੂੰ ਪੀਟੀਸੀ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਬੰਦ ਕਰਕੇ ਆਪਣਾ ਨਿੱਜੀ ਚੈਨਲ ਸ਼ੁਰੂ ਕਰਨ, ਸਿੱਖਾਂ ਦੀ ਨਮਾਇੰਦਾ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਤਨ ਕਰਨ ਲਈ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਦਾ ਖਿ਼ਤਾਬ ਵਾਪਸ ਲੈਣ, ਸ਼੍ਰੀ ਗੁੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ।

328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਅਤੇ ਮਾਮਲੇ ਵਿੱਚ ਐੱਫ਼ਆਈਆਰ ਦਰਜ ਕਰਵਾਉਣ ਸਬੰਧੀ ਮੰਗਾਂ ਸ਼ਾਮਲ ਹਨ। ਇਥੇ ਜਾਰੀ ਬਿਆਨ 'ਚ ਐੱਸਜੀਪੀਸੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਐੱਸਜੀਪੀਸੀ ਦੀਆਂ ਆਪਹੁਦਰੀਆਂ ਅਤੇ ਧੱਕੇਸ਼ਾਹੀਆਂ ਕਾਰਨ ਸਿੱਖ ਪੰਥ ਦੇ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀਟੀਸੀ ਚੈਨਲ 'ਤੇ ਗੁਰਬਾਣੀ ਦੇ ਪ੍ਰਸਾਰਣ ਦੀ ਦਿੱਤੀ ਗਈ ਇਜਾਜ਼ਤ ਗੈਰ-ਕਾਨੂੰਨੀ ਹੈ।

ਉਨ੍ਹਾਂ ਕਿਹਾ ਐੱਸਜੀਪੀਸੀ ਵੱਲੋਂ 14 ਸਤੰਬਰ 2011 ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਪੀਟੀਸੀ ਚੈਨਲ ਨੂੰ ਗੁਰਬਾਣੀ ਦੇ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਗਈ ਸੀ ਜਦਕਿ 18 ਸਤੰਬਰ 2011 ਨੂੰ ਐੱਸਜੀਪੀਸੀ ਦੀਆਂ ਚੋਣਾਂ ਹੋਣ ਵਾਲੀਆਂ ਸਨ। ਇਸ ਦੌਰਾਨ ਚੋਣ ਜਾਬਤਾ ਲੱਗਾ ਹੋਇਆ ਸੀ ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮਕੱੜ ਨੇ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਪੀਟੀਸੀ ਨੂੰ ਗੁਰਬਾਣੀ ਦੇ ਪ੍ਰਸਾਰਣ ਦੀ ਇਜਾਜ਼ਤ ਦੇ ਦਿੱਤੀ।

ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਚੋਣ ਜ਼ਾਬਤਾ ਲੱਗ ਜਾਣ `ਤੇ ਐੱਸਜੀਪਸੀ ਦੇ ਪ੍ਰਧਾਨ ਕੋਲੇ ਫੈਸਲਾ ਲੈਣ ਦਾ ਅਧਿਕਾਰ ਖਤਮ ਹੋ ਜਾਂਦਾ ਹੈ ਪਰ ਚੋਣ ਜ਼ਾਬਤੇ ਦੌਰਾਨ ਐੱਸਜੀਪੀਸੀ ਨੇ ਅਜਿਹਾ ਕਰ ਕੇ ਨਿਯਮਾਂ ਵਿਰੁੱਧ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਨਿੱਜੀ ਚੈਨਲ ਸ਼ੁਰੂ ਕਰਨ ਵਿੱਚ ਅਸਮਰਥਾ ਦਿਖਾ ਰਹੀ ਹੈ ਜਦਕਿ ਪੰਜਾਬ ਸਰਕਾਰ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਨਿੱਜੀ ਚੈਨਲ ਸ਼ੁਰੂ ਕਰਨ ਆਰਥਿਕ ਰੂਪ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰ ਚੁੱਕੀ ਹੈ।

 ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਤਨ ਕਰਨ ਦੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਗਿਆ ਫ਼ਖਰ-ਏ-ਕੌਮ ਦਾ ਖਿਤਾਬ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 100 ਸਾਲ ਤੋਂ ਵਧ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਜਦੋਂ ਦਾ ਅਕਾਲੀ ਦਲ `ਤੇ ਬਾਦਲ ਪਰਿਵਾਰ ਦਾ ਕਬਜਾ ਹੋਇਆ ਹੈ ਇਨ੍ਹਾਂ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

ਉਪਰੋਕਤ ਐੱਸਜੀਪੀਸੀ ਮੈਂਬਰਾਂ ਨੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਹਾਲੇ ਹੀ ਐੱਸਜੀਪੀਸੀ ਦੇ ਬਰਖਾਸਤ ਕੀਤੇ ਗਏ ਤਿੰਨ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਦੇ ਦਿੱਤੇ ਗਏ ਆਦੇਸ਼ਾਂ ਦਾ ਵੀ ਜ਼ਿਕਰ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਐੱਸਜੀਪੀਸੀ ਵੱਲੋਂ ਸਬ ਕਮੇਟੀ ਬਣਾ ਕੇ ਇਸ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਨਸਾਫ਼ ਦੀ ਉਡੀਕ ਕਰ ਰਹੀ ਹੈ ਅਤੇ ਐੱਸਜੀਪੀਸੀ ਨੂੰ ਫੌਰੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਐੱਸਜੀਪੀਸੀ ਮੈਂਬਰਾਂ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੰਗ ਪੱਤਰ ਸੌਂਪ ਜਾਣ ਵਾਲੇ ਪੰਥ ਹਿਤੈਸ਼ੀ ਸਿੱਖ ਜਥੇਬੰਦੀਆਂ ਨੂੰ ਨਾਲ ਚੱਲਣ ਦੀ ਅਪੀਲ ਕੀਤੀ ਹੈ।